ਪਹਿਲੇ ਨਰਾਤੇ ਤੋਂ ਸ਼ੁਰੂ ਹੋਵੇਗੀ ਰਾਮ ਲੀਲਾ
ਨਵਾਂਸ਼ਹਿਰ ਰਾਹੋਂ, 20 ਸਤੰਬਰ (ਕੁਲਵਿੰਦਰ ਸਿੰਘ ਰਾਹੋਂ) ਇਤਿਹਾਸਿਕ ਸ਼ਹਿਰ ਰਾਹੋਂ ਵਿਖੇ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਇਸ ਵਾਰ ਵੀ ਪੂਰੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਰਾਹੋਂ ਦੇ ਦੁਸਹਿਰੇ ਨੇ ਪਿਛਲੇ ਕਈ ਸਾਲਾਂ ਤੋਂ ਆਪਣੀ ਵਿਸ਼ੇਸ਼ ਪਛਾਣ ਬਣਾਈ ਹੋਈ ਹੈ ਅਤੇ ਇਸ ਦੀ ਰੌਣਕ ਦੇਖਣ ਲਈ ਨੇੜਲੇ ਇਲਾਕਿਆਂ ਤੋਂ ਹੀ ਨਹੀਂ, ਸਗੋਂ ਦੂਰ-ਦੁਰਾਡੇ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਰਾਹੋਂ ਪਹੁੰਚਦੇ ਹਨ। ਦੁਸਹਿਰੇ ਮੌਕੇ ਸ਼ਹਿਰ ਵਿੱਚ ਬਣਨ ਵਾਲਾ ਧਾਰਮਿਕ ਅਤੇ ਉਤਸਵੀ ਮਾਹੌਲ ਹਰ ਸਾਲ ਲੋਕਾਂ ਲਈ ਖਿੱਚ ਦਾ ਕੇਂਦਰ ਬਣਦਾ ਹੈ।ਇਸੇ ਸਬੰਧ ਵਿੱਚ ਅੱਜ ਝੰਡਾ ਚੜਾਉਣ ਦੀ ਰਸਮ ਦੇ ਨਾਲ ਭੁਵਨੇਸ਼ਵਰੀ ਮੰਦਰ ਨੇੜੇ ਦਿੱਲੀ ਗੇਟ, ਰਾਹੋਂ ਵਿਖੇ ਜਾਣਕਾਰੀ ਦਿੰਦਿਆਂ ਦੁਸਹਿਰਾ ਕਮੇਟੀ ਪ੍ਰਬੰਧਕਾਂ ਨੇ ਦੱਸਿਆ ਕਿ ਪਹਿਲੇ ਨਰਾਤੇ ਤੋਂ ਰਘੂਨਾਥ ਮੰਦਿਰ ਨੇੜੇ ਦਿੱਲ੍ਹੀ ਗੇਟ ਰਾਹੋਂ ਵਿਖੇ ਰਾਮ ਲੀਲਾ ਦਾ ਸ਼ੁਭ ਆਰੰਭ ਕੀਤਾ ਜਾਵੇਗਾ। ਰਾਮ ਲੀਲਾ ਦੌਰਾਨ ਭਗਵਾਨ ਸ੍ਰੀ ਰਾਮ ਦੇ ਜੀਵਨ ਨਾਲ ਸਬੰਧਤ ਵੱਖ-ਵੱਖ ਪ੍ਰਸੰਗਾਂ ਨੂੰ ਮੰਚ ’ਤੇ ਪੇਸ਼ ਕੀਤਾ ਜਾਵੇਗਾ, ਜਿਸ ਨੂੰ ਲੈ ਕੇ ਸ਼ਹਿਰ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 20 ਅਕਤੂਬਰ ਨੂੰ ਰਾਹੋਂ ਵਿਖੇ ਮੁੱਖ ਦੁਸਹਿਰਾ ਮੇਲਾ ਕਰਵਾਇਆ ਜਾਵੇਗਾ। ਦੁਸਹਿਰਾ ਕਮੇਟੀ ਵੱਲੋਂ ਦੁਸਹਿਰੇ ਨੂੰ ਸ਼ਾਨਦਾਰ ਅਤੇ ਯਾਦਗਾਰੀ ਬਣਾਉਣ ਲਈ ਤਿਆਰੀਆਂ ਜ਼ੋਰਾਂ ’ਤੇ ਕੀਤੀਆਂ ਜਾ ਰਹੀਆਂ ਹਨ। ਕਮੇਟੀ ਵੱਲੋਂ ਇਲਾਕਾ ਨਿਵਾਸੀਆਂ ਨੂੰ ਆਪਣੇ ਪਰਿਵਾਰਾਂ ਸਮੇਤ ਵੱਧ-ਚੜ੍ਹ ਕੇ ਪਹੁੰਚਣ ਅਤੇ ਦੁਸਹਿਰੇ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਦੀ ਅਪੀਲ ਕੀਤੀ ਗਈ। ਕਮੇਟੀ ਮੈਂਬਰਾਂ ਨੇ ਕਿਹਾ ਕਿ ਦੁਸਹਿਰਾ ਸਿਰਫ਼ ਇੱਕ ਤਿਉਹਾਰ ਨਹੀਂ, ਸਗੋਂ ਨੇਕੀ ਦੀ ਬਦੀ ’ਤੇ ਜਿੱਤ, ਸੱਚ ਦੀ ਝੂਠ ’ਤੇ ਜਿੱਤ ਅਤੇ ਧਰਮ ਦੇ ਅਧਰਮ ’ਤੇ ਜਿੱਤ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਰਾਹੋਂ ਦਾ ਦੁਸਹਿਰਾ ਆਪਸੀ ਭਾਈਚਾਰੇ ਅਤੇ ਧਾਰਮਿਕ ਸਦਭਾਵਨਾ ਦੀ ਵੀ ਇੱਕ ਸੁੰਦਰ ਮਿਸਾਲ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਦੁਸਹਿਰੇ ਮੌਕੇ ਰਾਹੋਂ ਵਿਖੇ ਲੋਕਾਂ ਦੀ ਭਾਰੀ ਆਮਦ ਹੁੰਦੀ ਹੈ ਅਤੇ ਦੂਰ-ਦੁਰਾਡੇ ਤੋਂ ਆਉਣ ਵਾਲੇ ਲੋਕ ਰਾਹੋਂ ਦੇ ਦੁਸਹਿਰੇ ਦੀ ਰੌਣਕ ਅਤੇ ਸਮਾਗਮ ਦਾ ਆਨੰਦ ਮਾਣਦੇ ਹਨ। ਇਸ ਵਾਰ ਵੀ ਵੱਡੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਇਸ ਮੌਕੇ ਪ੍ਰਧਾਨ ਧਰਮਵੀਰ ਚੋਪੜਾ, ਚੇਅਰਮੈਨ ਬੱਬੂ ਚੋਪੜਾ, ਕੌਂਸਲਰ ਦਵਿੰਦਰ ਜਾਂਗੜਾ, ਸਾਬਕਾ ਨਗਰ ਕੌਂਸਲ ਵਾਈਸ ਪ੍ਰਧਾਨ ਮੋਹਨ ਲਾਲ, ਸਾਬਕਾ ਕੌਂਸਲਰ ਕਰਨੈਲ ਸਿੰਘ ਭਿੰਡਰ, ਨਰਿੰਦਰ ਸਿੰਘ ਚਾਹਲ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੌਰਵ ਗਾਬਾ, ਹਰਸ਼ ਜੋਸ਼ੀ, ਪਵਨ ਸ਼ਰਮਾ, ਮੰਨੂ, ਵਿੱਕੀ ਚੋਪੜਾ, ਵਿਸ਼ਾਲ ਚੋਪੜਾ, ਕਨਵ ਚੋਪੜਾ, ਅਮਰਜੋਤ ਸਿੰਘ, ਮਨਦੀਪ ਰਾਣਾ, ਹਰਪ੍ਰੀਤ ਸਿੰਘ ਸਮੇਤ ਦੁਸਹਿਰਾ ਕਮੇਟੀ ਦੇ ਹੋਰ ਮੈਂਬਰ ਹਾਜ਼ਰ ਸਨ।
