ਲਾਮਿਸਾਲ ਸਫਲ ਰਿਹਾ- ਕੁੱਲ ਹਿੰਦ ਕਿਸਾਨ ਮਹਾਸਭਾ ਦਾ ਪੰਜਵਾਂ ਕੌਮੀ ਮਹਾਂਸੰਮੇਲਨ

ਡਾ. ਸਤਨਾਮ ਸਿੰਘ ਅਜਨਾਲਾ ਪ੍ਰਧਾਨ ਤੇ ਸਾਥੀ ਪ੍ਰਸ਼ੋਤਮ ਸ਼ਰਮਾ ਜਨਰਲ ਸਕੱਤਰ ਚੁਣੇ ਗਏ

ਜਲੰਧਰ:22 ਸਤੰਬਰ( ਪਰਮਿੰਦਰ ਸਿੰਘ )‘ਦੇਸ਼ ਭਗਤ ਯਾਦਗਾਰ ਹਾਲ ਜਲੰਧਰ’ ਦੇ ‘ਬਾਬਾ ਜਵਾਲਾ ਸਿੰਘ ਠੱਠੀਆਂ ਹਾਲ’ ਵਿਖੇ ਚੱਲ ਰਿਹਾ ‘ਕੁਲ ਹਿੰਦ ਕਿਸਾਨ ਮਹਾਂਸਭਾ’ ਦਾ ਪੰਜਵਾਂ ਕੌਮੀ ਮਹਾਂਸੰਮੇਲਨ ਪੂਰਨ ਸਫਲਤਾ ਨਾਲ ਸੰਪੰਨ ਹੋ ਗਿਆ ਹੈ। ਇਸ ਮਹਾਂਸੰਮੇਲਨ ਵਿਚ 20 ਪ੍ਰਾਂਤਾਂ ਦੇ 1000 ਤੋਂ ਵਧੇਰੇ ਡੈਲੀਗੇਟ ਸ਼ਾਮਲ ਹੋਏ। ਮਹਾਂ ਸੰਮੇਲਨ ਨੇ ਸਰਵ ਸੰਮਤੀ ਨਾਲ 147 ਮੈਂਬਰੀ ਕੌਮੀ ਕੌਂਸਲ ਤੇ 57 ਮੈਂਬਰੀ ਕੌਮੀ ਕਾਰਜਕਾਰਨੀ ਦੀ ਚੋਣ ਕੀਤੀ ਹੈ। ਕੌਮੀ ਕੌਂਸਲ ਨੇ ਸੰਖੇਪ ਮੀਟਿੰਗ ਕਰਕੇ ਉੱਘੇ ਕਿਸਾਨ ਘੁਲਾਟੀਏ ਡਾ. ਸਤਨਾਮ ਸਿੰਘ ਅਜਨਾਲਾ ਤੇ ਸਾਥੀ ਪ੍ਰਸ਼ੋਤਮ ਸ਼ਰਮਾ ਨੂੰ ਕ੍ਰਮਵਾਰ ਕੌਮੀ ਪ੍ਰਧਾਨ ਤੇ ਜਨਰਲ ਸਕੱਤਰ ਚੁਣਿਆ ਹੈ। ਇਸ ਤੋਂ ਇਲਾਵਾ 8 ਸੀਨੀਅਰ ਕਿਸਾਨ ਆਗੂ ਵਿਸ਼ੇਸ਼ ਇਨਵਾਈਟੀ ਨਿਯੁਕਤ ਕੀਤੇ ਗਏ ਹਨ। ਅਹੁਦਾ ਛੱਡ ਰਹੇ ਕੌਮੀ ਪ੍ਰਧਾਨ ਰੁਲਦੂ ਸਿੰਘ ਮਾਨਸਾ ਸਖ਼ਤ ਬਿਮਾਰ ਹੋਣ ਕਾਰਨ ਕਾਨਫਰੰਸ ਵਿੱਚ ਪੂਰਾ ਸਮਾਂ ਹਾਜ਼ਰ ਨਹੀਂ ਰਹਿ ਸਕੇ। ਪਿਛਲੇ ਜਨਰਲ ਸਕੱਤਰ ਤੇ ਲੋਕ ਸਭਾ ਦੇ ਮੌਜੂਦਾ ਮੈਂਬਰ ਸਾਥੀ ਰਾਜਾ ਰਾਮ ਸਿੰਘ ਨੇ ਆਪਣੇ ਸਮਾਪਨ ਭਾਸ਼ਣ ਦੌਰਾਨ, ਭਾਰਤੀ ਹਾਕਮ ਵਰਗਾਂ ਦੇ ਅੱਜ ਤੱਕ ਦੇ ਸਭ ਤੋਂ ਵਫ਼ਾਦਾਰ ਚਾਕਰ ਸ਼੍ਰੀ ਨਰਿੰਦਰ ਮੋਦੀ ਵੱਲੋਂ ਸਾਮਰਾਜੀ ਲੋਟੂਆਂ, ਖਾਸ ਕਰਕੇ ਅਮਰੀਕਾ ਨਾਲ ਅਸਾਵੀਆਂ ਸ਼ਰਤਾਂ ਤਹਿਤ ਕੀਤੀਆਂ ਜਾ ਰਹੀਆਂ ‘‘ਕਰ ਮੁਕਤ ਵਪਾਰ ਸੰਧੀਆਂ’’ ਖਿਲਾਫ਼ ਆਰ-ਪਾਰ ਦਾ ਲੋਕ-ਯੁੱਧ ਵਿੱਢਣ ਦਾ ਸੱਦਾ ਦਿੱਤਾ ਹੈ। ਸਾਥੀ ਸਿੰਘ ਨੇ ਕਿਹਾ ਹੈ ਕਿ ‘‘ਉਕਤ ਸਮਝੌਤੇ ਰੁਜ਼ਗਾਰ ਦੇ ਸਭ ਤੋਂ ਵੱਡੇ ਸ੍ਰੋਤ ਭਾਰਤ ਦੀ ਖੇਤੀ, ਛੋਟੇ ਤੇ ਦਰਮਿਆਨੇ ਉਦਯੋਗ-ਕਾਰੋਬਾਰ ਅਤੇ ਪ੍ਰਚੂਨ ਵਪਾਰ ਦੀ ਹੋਂਦ ਮਿਟਾ ਦੇਣ ਦਾ ਸੰਦ ਹਨ।’’ ਉਨ੍ਹਾਂ ਦੇਸ਼ ਵਾਸੀਆਂ ਨੂੰ ਚੌਕਸ ਕਰਦਿਆਂ ਕਿਹਾ ਕਿ, ‘‘ਉਕਤ ਸੰਧੀਆਂ ਭਾਰਤ ਦੀ ਆਜ਼ਾਦ ਹੋਂਦ ਅਤੇ ਖੁਦ ਮੁਖਤਾਰੀ ਲਈ ਵੀ ਗੰਭੀਰ ਖ਼ਤਰਾ ਹਨ। ’’ ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਫੈਸਲਾਕੁੰਨ ਜਿੱਤਾਂ ਹਾਸਲ ਕਰਨ ਲਈ ਕਿਸਾਨ ਅੰਦੋਲਨ ਨੂੰ ਦੇਸ਼ ਦੇ ਬਾਕੀ ਮਿਹਨਤਕਸ਼ਾਂ, ਖਾਸ ਕਰਕੇ ਸਨਅਤੀ ਤੇ ਗੈਰ ਸੰਗਠਿਤ ਕਾਮਿਆਂ ਅਤੇ ਪਿੰਡਾਂ ’ਚ ਵਸਦੇ ਕਿਰਤੀਆਂ ਤੇ ਖੇਤ ਮਜ਼ਦੂਰਾਂ ਨਾਲ ਪੀਡੀ ਸਾਂਝ ਪਾਉਣੀ ਹੋਵੇਗੀ। ਇਸ ਮਕਸਦ ਲਈ ਹਰ ਰੰਗ ਦੇ ਫੁੱਟ ਪਾਊਆਂ, ਵਿਸ਼ੇਸ਼ ਤੌਰ ’ਤੇ ਆਰ.ਐਸ.ਐਸ. ਦੀ ਅਗਵਾਈ ਵਾਲੇ ਫਿਰਕੂ-ਫਾਸ਼ੀ, ਹਿੰਦੂਤਵੀ-ਮੰਨੂਵਾਦੀ ਟੋਲਿਆਂ ਦੀ ਤਬਾਹਕੁੰਨ ਵਿਚਾਰਧਾਰਾ ਖਿਲਾਫ਼ ਘਰ-ਘਰ ਚੇਤਨਾ ਦੀ ਅਲਖ਼ ਜਗਾਉਣੀ ਹੋਵੇਗੀ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਦੇਸ਼ ਦੀ ਵਿਸ਼ਾਲ ਬਹੁ ਗਿਣਤੀ ਵਸੋਂ ਨੂੰ ਕੰਗਾਲ ਕਰਕੇ ਮੁੱਠੀ ਭਰ ਧਨਾਢਾਂ ਦੇ ਹਿੱਤ ਪੂਰਨ ਵਾਲੀਆਂ ਨਵ ਉਦਾਰਵਾਦੀ ਨੀਤੀਆਂ ਖ਼ਿਲਾਫ਼ ਯੁੱਧ ਪ੍ਰਚੰਡ ਕੀਤੇ ਬਗੈਰ ਕਿਸਾਨ ਲਹਿਰ ਆਪਣੇ ਮਿੱਥੇ ਟੀਚੇ ਕਦੀ ਵੀ ਹਾਸਲ ਨਹੀਂ ਕਰ ਸਕੇਗੀ। ਸਾਥੀ ਸਿੰਘ ਨੇ ਕਿਸਾਨ ਲਹਿਰ ਨੂੰ, ਲੋਕਾਂ ਦੀ ਹੋਂਦ ਨਾਲ ਜੁੜੇ ਸਿਆਸੀ ਸਵਾਲਾਂ ਤੋਂ ਬੇਮੁੱਖ ਕਰਨ ਵਾਲੇ ਅਖੌਤੀ ਕਿਸਾਨ ਸੰਗਠਨਾਂ ਨੂੰ ਵੀ ਕਰੜੇ ਹੱਥੀਂ ਲਿਆ। ਨਵੇਂ ਚੁਣੇ ਗਏ ਪ੍ਰਧਾਨ ਤੇ ਜਨਰਲ ਸਕੱਤਰ ਡਾਕਟਰ ਸਤਨਾਮ ਸਿੰਘ ਅਜਨਾਲਾ ਤੇ ਸਾਥੀ ਪ੍ਰਸ਼ੋਤਮ ਸ਼ਰਮਾ ਨੇ ਭਰੋਸਾ ਦਿਵਾਇਆ ਹੈ ਕਿ ਸੰਮੇਲਨ ਦੌਰਾਨ ਉੱਭਰ ਕੇ ਆਈ ਭਾਵਨਾ ਦੇ ਅਨੁਰੂਪ ਸੰਗਠਨ ਦੇ ਦੇਸ਼ ਭਰ ’ਚ ਪਸਾਰ ਅਤੇ ਮਜ਼ਬੂਤੀ ਲਈ ਜ਼ੋਰਦਾਰ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੰਗਠਨ ਦੀ ਬਿਹਤਰੀ ਲਈ ਇਸਤਰੀਆਂ ਅਤੇ ਨੌਜਵਾਨਾਂ ਦੀ ਭਾਗੀਦਾਰੀ ਵਧਾਉਣ ਦੀ ਠੋਸ ਯੋਜਨਾਬੰਦੀ ਉਲੀਕੀ ਜਾਵੇਗੀ। ਨਵੀਂ ਟੀਮ ਨੇ ਵਲੰਟੀਅਰਾਂ, ਪ੍ਰਬੰਧਕਾਂ ਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਜ਼ੋਰਦਾਰ, ਆਕਾਸ਼ ਗੁੰਜਾਊ ਨਾਅਰਿਆਂ ਦਰਮਿਆਨ ਪੰਜਵੀਂ ਕੌਮੀ ਕਾਨਫਰੰਸ ਦੀ ਸਮਾਪਤੀ ਦਾ ਐਲਾਨ ਕੀਤਾ ਗਿਆ।

Leave a Reply

Your email address will not be published. Required fields are marked *