ਮਗਨਰੇਗਾ ਦੇ ਖ਼ਾਤਮੇ ਦੇ ਮਨੂੰਵਾਦੀ ਹੱਲੇ ਦਾ ਤਿੱਖਾ ਵਿਰੋਧ ਕਰੋ : ਦੀਪਕ ਠਾਕੁਰ

ਪਿੰਡ -ਪਿੰਡ ਮੋਦੀ ਸਰਕਾਰ ਅਤੇ ਆਰ ਐੱਸ ਐੱਸ -ਭਾਜਪਾ ਦੇ ਪੁਤਲੇ ਫੂਕੋ: ਪੰਡੋਰੀ

ਜਲੰਧਰ ;19 ਦਸੰਬਰ (ਪਰਮਿੰਦਰ ਸਿੰਘ )- “ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਦੀ ਮੋਦੀ ਸਰਕਾਰ ਨੇ ਮੁਸ਼ਕਿਲ ਨਾਲ ਜੂਨ ਗੁਜਾਰਾ ਕਰਦੇ ਬੇਜ਼ਮੀਨੇ-ਸਾਧਨਹੀਣ ਪੇਂਡੂ ਕਿਰਤੀਆਂ ਨੂੰ ਸੀਮਤ ਦਿਨਾਂ ਲਈ ਗਰੰਟੀ ਸ਼ੁਦਾ ਰੁਜ਼ਗਾਰ ਦੇਣ ਵਾਲੇ ਮਗਨਰੇਗਾ ਕਾਨੂੰਨ ਦਾ ਸਿਰਫ ਨਾਂ ਹੀ ਨਹੀਂ ਬਦਲ ਕੇ “ਵਿਕਸਿਤ ਭਾਰਤ ਰੁਜ਼ਗਾਰ ਆਜੀਵਕਾ ਗਾਰੰਟੀ ਮਿਸ਼ਨ (ਗ੍ਰਾਮੀਣ) ਵੀ ਬੀ ਜੀ ਰਾਮ ਜੀ” ਹੀ ਨਹੀਂ ਕੀਤਾ, ਬਲਕਿ ਢਾਂਚਾਗਤ ਬਦਲਾਅ ਕਰਕੇ ਇਸ ਕਾਨੂੰਨ ਦੀ ਰੂਹ ਕਤਲ ਕਰ ਦਿੱਤੀ ਹੈ। ਅਜਿਹਾ ਕਰਕੇ ਮੋਦੀ ਸਰਕਾਰ ਨੇ ਆਪਣੇ ਵਿਚਾਰਧਾਰਕ ਆਕਾ, ਦਲਿਤ ਵਿਰੋਧੀ ਮੰਦੀ ਸੋਚ ਦੇ ਮਾਲਕ ਆਰ.ਐਸ.ਐਸ. ਦੀ ਮਗਨਰੇਗਾ ਦੇ ਖਾਤਮੇ ਦੀ ਚਿਰੋਕਣੀ ਮਨੂੰਵਾਦੀ ਸਾਜ਼ਿਸ਼ ਪੂਰ ਚੜ੍ਹਾਈ ਹੈ। ਨਤੀਜੇ ਵਜੋਂ ਪਹਿਲਾਂ ਹੀ ਘੋਰ ਗੁਰਬਤ ਦਾ ਸੰਤਾਪ ਹੰਢਾਅ ਰਹੇ ਪੇਂਡੂ ਕਿਰਤੀਆਂ, ਜਿਨ੍ਹਾਂ ਚੋਂ ਭਾਰੀ ਗਿਣਤੀ ਅਨੁਸੂਚਿਤ ਜਾਤੀਆਂ, ਜਨ ਜਾਤੀਆਂ ਨਾਲ ਸਬੰਧਤ ਹਨ, ਦੇ ਭੁੱਖੇ ਮਰਨ ਦੀ ਨੌਬਤ ਆ ਜਾਵੇਗੀ।” ਉਕਤ ਵਿਚਾਰ ਅੱਜ ਇਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ “ਮਨਰੇਗਾ ਵਰਕਰਸ ਯੂਨੀਅਨ ਪੰਜਾਬ” ਦੇ ਸੂਬਾਈ ਕਨਵੀਨਰ ਸਾਥੀ ਦੀਪਕ ਠਾਕੁਰ(ਹੁਸ਼ਿਆਰਪੁਰ) ਅਤੇ ਸੂਬਾ ਕਮੇਟੀ ਦੇ ਮੈਂਬਰਾਨ ਬਲਦੇਵ ਸਿੰਘ ਪੰਡੋਰੀ (ਤਰਨਤਾਰਨ), ਮੰਗਲ ਸਿੰਘ ਟਾਂਡਾ (ਸ਼੍ਰੀ ਅੰਮ੍ਰਿਤਸਰ ਸਾਹਿਬ) ਤੇ ਜਸਵਿੰਦਰ ਸਿੰਘ ਵੱਟੂ( ਸ਼੍ਰੀ ਮੁਕਤਸਰ ਸਾਹਿਬ), ਗਗਨਦੀਪ ਕੌਰ ਔਲਖ (ਫਰੀਦਕੋਟ), ਗੋਪਾਲ ਸਿੰਘ ਸੀਡ ਫਾਰਮ (ਫਾਜ਼ਿਲਕਾ), ਆਤਮਾ ਰਾਮ ਸਰਦੂਲਗੜ੍ਹ (ਮਾਨਸਿ), ਰਘਬੀਰ ਸਿੰਘ ਕਾਦਿਰਾਬਾਦ ( ਪਟਿਆਲਾ) ਹੈਪੀ ਛੀਨੀਵਾਲ ( ਬਰਨਾਲਾ) ਨੇ ਪ੍ਰਗਟਾਏ ਹਨ। ਬਿਆਨ ਜਾਰੀ ਕਰਨ ਵਾਲੇ ਆਗੂਆਂ ਨੇ ਸਖਤ ਰੋਸ ਜਾਹਿਰ ਕਰਦਿਆਂ ਕਿਹਾ ਹੈ ਕਿ ਮੋਦੀ ਸਰਕਾਰ ਨੇ ਸਮੁੱਚੀ ਵਿਰੋਧੀ ਧਿਰ ਅਤੇ ਦੇਸ਼ ਭਰ ਦੇ ਕਿਰਤੀਆਂ ਦੇ ਕਰੜੇ ਵਿਰੋਧ ਨੂੰ ਨਜ਼ਰ ਅੰਦਾਜ ਕਰਦਿਆਂ ਉਕਤ ਬਿਲ ਬੀਤੇ ਕਲ੍ਹ ਸਦਨ ਚ ਧੱਕੇ ਨਾਲ ਪਾਸ ਵੀ ਕਰਵਾ ਲਿਆ ਹੈ। ਉਨ੍ਹਾਂ ਸਮੂਹ ਮਨਰੇਗਾ ਕਿਰਤੀਆਂ ਨੂੰ ਤਿੱਖੇ ਸੰਘਰਸ਼ਾਂ ਰਾਹੀਂ ਮੋਦੀ ਸਰਕਾਰ ਦੇ ਇਸ ਹੱਲੇ ਦਾ ਮੂੰਹ ਤੋੜ ਜਵਾਬ ਦੇਣ ਦਾ ਸੱਦਾ ਦਿੱਤਾ ਹੈ। ਆਗੂਆਂ ਨੇ ਐਲਾਨ ਕੀਤਾ ਹੈ ਕਿ ਯੂਨੀਅਨ ਵਲੋਂ ‘ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ” ਅਤੇ ਮਨਰੇਗਾ ਮਜ਼ਦੂਰਾਂ ਦੇ ਹੋਰ ਸੰਗਠਨਾਂ ਨਾਲ ਮਿਲ ਕੇ ਪਿੰਡ-ਪਿੰਡ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ।ਇਹ ਮੁਹਿੰਮ ਅੱਜ, 19 ਦਸੰਬਰ ਨੂੰ ਹੀ ਆਰੰਭੀ ਜਾਵੇਗੀ ਅਤੇ ਲਗਾਤਾਰ ਜਾਰੀ ਰੱਖੀ ਜਾਵੇਗੀ।

Leave a Reply

Your email address will not be published. Required fields are marked *