ਰਾਹੋਂ ਵਿਖੇ ਹੋਲੀ ਦੇ ਤਿਉਹਾਰ ਦੇ ਮੌਕੇ ਰੰਗਾਂ ਦੀ ਥਾਂ ਗੰਦਗੀ ਹੀ ਭਾਰੂ ਰਹੇਗੀ:- ਬਲਦੇਵ ਭਾਰਤੀ

ਨਵਾਂਸ਼ਹਿਰ ਰਾਹੋਂ 04 ਮਾਰਚ (ਕੁਲਵਿੰਦਰ ਸਿੰਘ ਰਾਹੋਂ) ਨਗਰ ਕੌਂਸਲ ਰਾਹੋਂ ਦੇ ਸਾਬਕਾ ਉੱਪ ਪ੍ਰਧਾਨ ਬਲਦੇਵ ਭਾਰਤੀ ਸਟੇਟ ਐਵਾਰਡੀ ਨੇ ਦੱਸਿਆ ਕਿ ਰਾਹੋਂ ਵਿਖੇ ਹੋਲੀ ਦੇ ਤਿਉਹਾਰ ਦੇ ਮੌਕੇ ਰੰਗਾਂ ਦੀ ਬਜਾਏ ਗੰਦਗੀ ਹੀ ਭਾਰੂ ਰਹੇਗੀ। ਕਿਉਂਕਿ ਰਾਹੋਂ ਵਿੱਚ ਫਿਲੌਰ ਚੌਂਕ ਤੋਂ ਸੀਵਰੇਜ ਟਰੀਟਮੈਂਟ ਪਲਾਂਟ ਮਾਛੀਵਾੜਾ ਰੋਡ ਤੱਕ ਮੇਨ ਸੜਕ ਦੀ ਨਵੀਂ ਉਸਾਰੀ ਲਈ ਪੁੱਟਾਈ ਪਿਛਲੇ ਕਰੀਬ ਡੇਢ ਮਹੀਨੇ ਪਹਿਲਾਂ ਤੋਂ ਕੀਤੀ ਗਈ ਹੈ। ਇਸ ਸੜਕ ਉੱਤੇ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ, ਬਾਬਾ ਵਿਸ਼ਵਕਰਮਾ ਮੰਦਰ ਅਤੇ ਦਰਬਾਰ ਬਾਬਾ ਕੁੱਲੇਵਾਲਾ ਧਾਰਮਿਕ ਅਸਥਾਨ ਸ਼ੁਸ਼ੋਭਿਤ ਹਨ। ਇਸ ਸੜਕ ਦੀ ਪੁੱਟਾਈ ਉਪਰੰਤ ਸਬੰਧਤ ਵਿਭਾਗ ਅਤੇ ਸਰਕਾਰ ਇਸ ਦੀ ਨਵੀਂ ਉਸਾਰੀ ਕਰਨਾ ਭੁੱਲ ਗਏ ਹਨ। ਇਸ ਸੜਕ ਦੇ ਆਲੇ ਦੁਆਲੇ ਪੁੱਟਾਈ ਦੇ ਮਲਬੇ ਦੇ ਢੇਰ ਅਤੇ ਉੱਡਦੀ ਧੂੜ ਜਿੱਥੇ ਆਵਾਜਾਈ ਵਿੱਚ ਵੱਡਾ ਵਿਘਨ ਪਾਉਂਦੇ ਹੈ ਉੱਥੇ ਆਲੇ ਦੁਆਲੇ ਰਹਿੰਦੇ ਵਸਨੀਕਾਂ ਲਈ ਨਰਕ ਬਣੇ ਹੋਏ ਹਨ। ਖਦਸ਼ਾ ਹੈ ਕਿ ਇਹ ਧੂੜ ਧੜੱਪਾ ਕਈ ਬਿਮਾਰੀਆਂ ਨੂੰ ਜਨਮ ਦੇਵੇਗਾ। ਇਸ ਨਾਲ ਮਹਿਮੀ ਪੈਲੇਸ, ਮੁਹੱਲਾ ਤਾਜਪੁਰਾ, ਸਰੋਆ ਪੈਲੇਸ, ਮੁਹੱਲਾ ਪਹਾੜ ਸਿੰਘ, ਸ਼ਮਸ਼ਾਨਘਾਟ ਮਾਛੀਵਾੜਾ ਰੋਡ, ਅਮਨ ਪੈਲੇਸ, ਅਤੇ ਰੌਇਲ ਹੋਟਲ ਆਦਿ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਬਲਦੇਵ ਭਾਰਤੀ ਨੇ ਦੱਸਿਆ ਕਿ ਰਾਹੋਂ ਸ਼ਹਿਰ ਵਿੱਚ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ ਵਾਟਰ ਸਪਲਾਈ ਅਤੇ ਸੀਵਰੇਜ ਦੀਆਂ ਪਾਈਪਾਂ ਪਾਉਣ ਲਈ ਪੁੱਟੀਆਂ ਗਈਆਂ ਸੜਕਾਂ ਕਾਰਨ ਪੂਰਾ ਰਾਹੋਂ ਸ਼ਹਿਰ ਵਾਸੀ ਬੁਰੀ ਤਰ੍ਹਾਂ ਤੰਗ ਪ੍ਰੇਸ਼ਾਨ ਹੈ। ਆਏ ਦਿਨ ਨਾਲੀਆਂ ਦੀ ਗੰਦਗੀ ਸੜਕਾਂ ਅਤੇ ਗਲੀਆਂ ਵਿੱਚ ਆ ਕੇ ਗਟਰ ਦਾ ਰੂਪ ਧਾਰਨ ਕਰ ਲੈਂਦੀ ਹੈ। ਇੱਥੇ ਸੜਕਾਂ, ਨਾਲੀਆਂ ਅਤੇ ਪੁਲੀਆਂ ਦੀ ਭੰਨਤੋੜ ਲਗਾਤਾਰ ਹਾਦਸਿਆਂ ਨੂੰ ਜਨਮ ਦੇ ਰਹੀ ਹੈ। ਦੂਸਰੇ ਪਾਸੇ ਲੋਕਾਂ ਦੀ ਵਾਰ ਵਾਰ ਮੰਗ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਸਮੱਸਿਆਂਵਾਂ ਪ੍ਰਤੀ ਸਰਕਾਰ ਅਤੇ ਪ੍ਰਸ਼ਾਸਨ ਘੂਕ ਸੁੱਤੇ ਪਏ ਹਨ। ਬਲਦੇਵ ਭਾਰਤੀ ਨੇ ਪੰਜਾਬ ਸਰਕਾਰ ਪਾਸੋਂ ਪੁਰਜ਼ੋਰ ਮੰਗ ਕੀਤੀ ਕਿ ਲੋਕਾਂ ਨੂੰ ਰਾਹਤ ਦੇਣ ਲਈ ਫਿਲੌਰ ਚੌਂਕ ਤੋਂ ਸੀਵਰੇਜ ਟਰੀਟਮੈਂਟ ਪਲਾਂਟ ਮਾਛੀਵਾੜਾ ਰੋਡ ਤੱਕ ਸੜਕ ਅਤੇ ਰਾਹੋਂ ਵਿੱਚ ਟੁੱਟੀਆਂ ਹੋਈਆਂ ਸੜਕਾਂ, ਗਲੀਆਂ ਅਤੇ ਪੁਲੀਆਂ ਦੀ ਨਵੀਂ ਉਸਾਰੀ ਜਲਦੀ ਜਲਦੀ ਤੋਂ ਕੀਤੀ ਜਾਵੇ।

Leave a Reply

Your email address will not be published. Required fields are marked *