ਪੈਨਸ਼ਨਰ ਜੁਆਇੰਟ ਫਰੰਟ ਪੰਜਾਬ ਦੀ 17 ਜੂਨ ਦੀ ਜਲੰਧਰ ਸੂਬਾਈ ਕਨਵੈਨਸ਼ਨ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਕੀਤੀ ਅਪੀਲ
ਫ਼ਗਵਾੜਾ 15 ਜੂਨ (ਪਰਮਿੰਦਰ ਸਿੰਘ ) ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਫਗਵਾੜਾ ਦੀ ਮਹੀਨਾਵਾਰ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਪ੍ਰਮੋਦ ਕੁਮਾਰ ਜੋਸ਼ੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੀ ਕਾਰਵਾਈ ਨੂੰ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ(ਰਜਿ) ਦੇ ਸੂਬਾ ਸਹਾਇਕ ਪ੍ਰੈੱਸ ਸਕੱਤਰ ਕੁਲਦੀਪ ਸਿੰਘ ਕੌੜਾ ਨੇ ਚਲਾਇਆ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰੈੱਸ ਸਕੱਤਰ ਸੀਤਲ ਰਾਮ ਬੰਗਾ ਨੇ
ਦੱਸਿਆ ਕਿ ਮੀਟਿੰਗ ਦੇ ਆਰੰਭ ਵਿੱਚ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਐਸੋਸੀਏਸ਼ਨ ਦੇ ਮੈਂਬਰ ਸ੍ਰੀਮਤੀ ਸਵਰਨ ਕੌਰ ਬੀ ਪੀ ਈ ਓ,ਸ.ਅਵਤਾਰ ਸਿੰਘ ਬਾਸੀ ਸੈਂਟਰ ਮੁੱਖ ਅਧਿਆਪਕ, ਸ਼੍ਰੀ ਮਤੀ ਜੋਗਿੰਦਰ ਕੌਰ ਹੈੱਡ ਟੀਚਰ ਅਤੇ ਆਲ ਇੰਡੀਆ ਸਟੇਟ ਗੌਰਮਿੰਟ ਪੈਨਸ਼ਨਰਜ਼ ਫੈਡਰੇਸ਼ਨ ਦੇ ਕੌਮੀ ਵਿੱਤ ਸਕੱਤਰ ਸ੍ਰੀ ਨਿਵਾਸਨ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕਰਦੇ ਹੋਏ ਉਨ੍ਹਾਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜੂਨ ਮਹੀਨੇ ਵਿੱਚ ਐਸੋਸੀਏਸ਼ਨ ਦੇ ਜਿਹਨਾਂ ਮੈਂਬਰਾਂ ਦਾ ਜਨਮ ਦਿਨ ਆਉਂਦਾ ਹੈ,ਉਹਨਾਂ ਨੂੰ ਜਨਮ ਦਿਨ ਦੀ ਮੁਬਾਰਕਾਂ ਦਿੰਦੇ ਹੋਏ ਤੰਦਰੁਸਤੀ ਅਤੇ ਖੁਸ਼ੀਆਂ ਭਰਪੂਰ ਲੰਬੀ ਉਮਰ ਦੀ ਕਾਮਨਾ ਕੀਤੀ ਗਈ।
ਮੀਟਿੰਗ ਵਿੱਚ ਹਾਜ਼ਰ ਸਮੂਹ ਆਗੂਆਂ ਅਤੇ ਮੈਂਬਰਾਂ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਰੋਧੀ ਨੀਤੀ ਦੀ ਜ਼ੋਰਦਾਰ ਢੰਗ ਨਾਲ ਨਿੰਦਿਆ ਕਰਦੇ ਹੋਏ ਕਿਹਾ ਕਿ ਹੁਣ ਤੱਕ ਦੀਆਂ ਸਭ ਸਰਕਾਰਾਂ ਨਾਲੋਂ ਆਮ ਆਦਮੀ ਪਾਰਟੀ ਦੀ ਸ.ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਦਾ ਨਿਪਟਾਰਾ ਕਰਨ ਲਈ ਸਭ ਤੋਂ ਵੱਧ ਨਿਕੰਮੀ ਸਰਕਾਰ ਸਾਬਿਤ ਹੋਈ ਹੈ,ਜੋ ਕਿ ਸਵਾ ਚਾਰ ਸਾਲਾਂ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਕੁੱਝ ਦੇਣ ਦੀ ਬਜਾਏ ਲੰਬੇ ਸੰਘਰਸ਼ਾਂ ਨਾਲ ਪ੍ਰਾਪਤ ਕੀਤੇ ਹੱਕ ਖੋਹਣ ਲਈ ਲਗਾਤਾਰ ਯਤਨਸ਼ੀਲ ਹੈ। ਹਾਈਕੋਰਟ ਵਲੋਂ 08/04/2026 ਨੂੰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 30/06/2026 ਤੱਕ 16 ਪ੍ਰਤੀਸ਼ਤ ਡੀ ਏ ਦੀਆਂ ਕਿਸ਼ਤਾਂ ਅਤੇ ਬਣਦੇ ਬਕਾਏ ਦੇਣ ਦੇ ਸਿੰਗਲ ਜੱਜ ਦੇ ਫੈਸਲੇ ਨੂੰ ਲੰਮਾ ਸਮਾਂ ਲਟਕਾ ਕੇ ਰੱਖਣ ਲਈ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਵਿਰੁੱਧ ਹਾਈਕੋਰਟ ਵਿੱਚ ਡਬਲ ਬੈਂਚ ਜੱਜਾਂ ਕੋਲ ਐੱਸ ਐੱਲ ਪੀ ਪਾ ਚੁੱਕੀ ਹੈ, ਜਿਸ ਦੀ ਵੀ ਸਾਂਝੇ ਤੌਰ ‘ਤੇ ਨਿਖੇਧੀ ਕਰਦੇ ਹੋਏ ਮੰਗ ਕੀਤੀ ਜਾਂਦੀ ਹੈ ਕਿ ਹਾਈਕੋਰਟ ਦੇ ਫੈਸਲੇ ਨੂੰ ਤੁਰੰਤ ਲਾਗੂ ਕਰਦੇ ਹੋਏ 30/06/2026 ਤੋਂ ਪਹਿਲਾਂ ਪਹਿਲਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਡੀ ਏ ਦੇ ਕੇ ਹਾਈਕੋਰਟ ਦੇ ਫੈਸਲੇ ਦਾ ਮਾਣ ਸਨਮਾਨ ਬਹਾਲ ਰੱਖੇ। ਆਗੂਆਂ ਨੇ ਕਿਹਾ ਕਿ ਜਿਹਨਾਂ ਮੈਂਬਰਾਂ ਦਾ ਐੱਲ ਟੀ ਸੀ ਜੁਲਾਈ ਵਿੱਚ ਡਿਊ ਹੈ,ਉਹ ਆਪਣਾ ਐੱਲ ਟੀ ਸੀ ਲੈਣ ਲਈ ਪੈਂਨਸ਼ਨ ਪੋਰਟਲ ਤੇ ਅਪਡੇਟ ਕਰਵਾ ਲੈਣ ਤਾਂ ਜੋ ਉਹਨਾਂ ਨੂੰ ਐੱਲ ਟੀ ਸੀ ਮਿਲ ਸਕੇ। ਇੱਕ ਮਤਾ ਪਾਸ ਕਰਕੇ ਸਹਾਇਕ ਲਾਈਨਮੈਂਨਾਂ ਉੱਤੇ ਪੰਜਾਬ ਸਰਕਾਰ ਦੇ ਇਸ਼ਾਰੇ ‘ਤੇ ਪਟਿਆਲਾ ਪੁਲਿਸ ਪ੍ਰਸ਼ਾਸਨ ਵਲੋਂ ਅੰਧਾਧੁੰਦ ਲਾਠੀਚਾਰਜ ਕਰਨ ਦੀ ਤਿੱਖੀ ਨਿਖੇਧੀ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਹਾਇਕ ਲਾਈਨਮੈਂਨਾਂ ਨੂੰ ਪੂਰੇ ਪੂਰੇ ਗ੍ਰੇਡਾਂ ਵਿੱਚ ਤੁਰੰਤ ਰੈਗੂਲਰ ਨਿਯੁਕਤੀਆਂ ਦੇ ਆਰਡਰ ਜਾਰੀ ਕੀਤੇ ਜਾਣ। ਦੂਜਾ ਮਤਾ ਪਾਸ ਕਰਦੇ ਹੋਏ ਰੈਗੂਲਰ ਹੋਣ ਅਤੇ ਤਨਖਾਹਾਂ ਵਿੱਚ ਵਾਧੇ ਲਈ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦੇ ਸੰਘਰਸ਼ ਦਾ ਵੀ ਪੁਰਜ਼ੋਰ ਸਮਰਥਨ ਕੀਤਾ ਜਾਂਦਾ ਹੈ।ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵਲੋਂ 01 ਤੋਂ 05 ਜੂਨ ਤੱਕ 17 ਜੂਨ ਤੋਂ ਪਹਿਲਾਂ ਪਹਿਲਾਂ ਮੀਟਿੰਗ ਦਾ ਸਮਾਂ ਦੇਣ ਦੀ ਮੰਗ ਕਰਦੇ ਹੋਏ ਮੰਗ ਪੱਤਰ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਪੰਜਾਬ ਦੇ ਨਾਂ ਤੇ ਭੇਜਣ ਦੇ ਬਾਵਜੂਦ ਵੀ ਮੀਟਿੰਗ ਦਾ ਸਮਾਂ ਨਾ ਦੇਣ ਤੇ ਪੰਜਾਬ ਸਰਕਾਰ ਦੀ ਤਿੱਖੀ ਨਿਖੇਧੀ ਕੀਤੀ ਗਈ। ਮੀਟਿੰਗ ਵਿੱਚ ਹਾਜ਼ਰ ਆਗੂਆਂ ਵਲੋਂ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੂੰ ਅਪੀਲ ਵੀ ਕੀਤੀ ਜਾਂਦੀ ਹੈ ਕਿ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਰੋਧੀ ਨੀਤੀ ਦਾ ਠੋਕਵਾਂ ਜਵਾਬ ਦੇਣ ਲਈ 17 ਜੂਨ ਦੀ ਜਲੰਧਰ ਸੂਬਾਈ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਲਈ ਹੁੰਗਾਰਾ ਜਲਦੀ ਤੋਂ ਜਲਦੀ ਦਿੱਤਾ ਜਾਵੇ ਤਾਂ ਜੋ ਸੂਬਾ ਪ੍ਰਧਾਨ ਵਲੋਂ ਲਗਾਏ ਗਏ ਕੋਟੇ ਤੋਂ ਵੱਧ ਕੇ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾ ਸਕੇ।
ਪਿਛਲੇ ਸਮੇਂ ਵਿੱਚ ਕੀਤੇ ਗਏ ਸੰਘਰਸ਼ਾਂ ਵਿੱਚ ਐਸੋਸੀਏਸ਼ਨ ਵੱਲੋਂ ਕੀਤੀ ਗਈ ਸ਼ਮੂਲੀਅਤ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਐਸੋਸੀਏਸ਼ਨ ਦੇ ਵਿੱਤ ਸਕੱਤਰ ਗੁਰਨਾਮ ਸਿੰਘ ਸੈਣੀ ਨੇ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨਾਲ ਆਮਦਨ ਅਤੇ ਖਰਚੇ ਦੇ ਵੇਰਵੇ ਸਾਂਝੇ ਕਰਦੇ ਹੋਏ,ਕੀਤੇ ਗਏ ਖਰਚਿਆਂ ਨੂੰ ਪਾਸ ਕਰਵਾਇਆ ਗਿਆ। ਵਿੱਤ ਸਕੱਤਰ ਨੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਅਪੀਲ ਵੀ ਕੀਤੀ ਕਿ ਉਹ ਐਸੋਸੀਏਸ਼ਨ ਪ੍ਰਤੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਸਾਲ 2026 ਦਾ ਸੰਘਰਸ਼ ਫੰਡ ਜਲਦੀ ਤੋਂ ਜਲਦੀ ਜਮਾਂ ਕਰਵਾ ਕੇ ਇੱਕ ਜ਼ਿੰਮੇਵਾਰ ਮੈਂਬਰ ਹੋਣ ਦਾ ਮਾਣ ਮਹਿਸੂਸ ਕਰਨ। ਮੀਟਿੰਗ ਦੇ ਆਖ਼ਰ ਵਿੱਚ ਸੀਨੀਅਰ ਮੀਤ ਪ੍ਰਧਾਨ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਘਰਾਂ ਵਿੱਚ ਬੈਠੇ ਮੈਂਬਰਾਂ ਨੂੰ ਨਿਮਰਤਾ ਸਹਿਤ ਅਪੀਲ ਵੀ ਕੀਤੀ ਕਿ ਸਮੂਹ ਮੈਂਬਰ ਐਸੋਸੀਏਸ਼ਨ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਮਾਸਿਕ ਮੀਟਿੰਗ ਵਿੱਚ ਅਤੇ ਹੋਰ ਸੰਘਰਸ਼ਾਂ ਵਿੱਚ ਸ਼ਮੂਲੀਅਤ ਕਰਨ ਲਈ ਗੰਭੀਰਤਾ ਨਾਲ ਉਪਰਾਲਾ ਜ਼ਰੂਰ ਕਰਨ ਤਾਂ ਜੋ ਮੰਗਾਂ ਨੂੰ ਮੰਨਵਾਉਣ ਲਈ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਮੋਦ ਕੁਮਾਰ ਜੋਸ਼ੀ, ਜਸਪਾਲ ਸਿੰਘ ਗਰੇਵਾਲ,ਕ੍ਰਿਸ਼ਨ ਗੋਪਾਲ ਚੋਪੜਾ,ਗੁਰਨਾਮ ਸਿੰਘ ਸੈਣੀ, ਸਤਪਾਲ ਸਿੰਘ ਖੱਟਕੜ, ਸੀਤਲ ਰਾਮ ਬੰਗਾ, ਪ੍ਰਿੰਸੀਪਲ ਧਰਮਵੀਰ ਨਾਰੰਗ,ਪ੍ਰਿੰਸੀਪਲ ਤਰਸੇਮ ਸਿੰਘ ਸੈਣੀ,ਹੈੱਡ ਮਾਸਟਰ ਪਿਆਰਾ ਸਿੰਘ ਗੰਭੀਰ,ਹਰੀ ਰਾਮ ਚੋਟ, ਹਰਿੰਦਰ ਸਿੰਘ, ਕੇ ਕੇ ਪਾਂਡੇ,ਜਗਦੀਸ਼ ਲਾਲ ਕਲੇਰ,ਪਿਆਰਾ ਰਾਮ ਜੱਸੀ, ਹਰਭਜਨ ਲਾਲ ਕੌਲ, ਰਤਨ ਸਿੰਘ ਗੁਰਾਇਆ, ਕੁਲਦੀਪ ਸਿੰਘ ਕੌੜਾ ਆਦਿ ਪੈਨਸ਼ਨਰ ਸਾਥੀ ਸ਼ਾਮਲ ਹੋਏ।
