ਮੁੱਖ ਮੰਤਰੀ ਪੰਜਾਬ ਦੇ ਮੁਲਾਜ਼ਮਾਂ ਪ੍ਰਤੀ ਕੀਤੇ ਟਵੀਟ ਅਤੇ ਕਾਰਵਾਈ ਕਰਨ ਦੇ ਪੱਤਰ ਦੀਆਂ ਕਾਪੀਆਂ ਫੂਕ ਕੇ ਮੁਲਾਜ਼ਮਾਂ ਨਾਲ ਕੀਤੀ ਇੱਕਜੁੱਟਤਾ ਜ਼ਾਹਰ: ਪੈਨਸ਼ਨਰ ਆਗੂ

ਮੁਲਾਜ਼ਮਾਂ ਨੂੰ ਹੜਤਾਲ ਦੇ ਪੱਧਰ ਤੱਕ ਲੈ ਕੇ ਜਾਣ ਲਈ ਗੱਲਬਾਤ ਕਰਨ ਤੋਂ ਵਾਰ ਵਾਰ ਭਗੌੜਾ ਮੁੱਖ ਮੰਤਰੀ ਪੰਜਾਬ ਜ਼ਿੰਮੇਵਾਰ

ਫ਼ਗਵਾੜਾ:29 ਅਗੱਸਤ( ਪਰਮਿੰਦਰ ਸਿੰਘ    ) ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ 27 ਅਗੱਸਤ ਨੂੰ ਮੁਲਾਜ਼ਮਾਂ ਦੀ ਮਹਾਂ ਹੜਤਾਲ ਦੇ ਮੌਕੇ ‘ਤੇ ਕੀਤੇ ਟਵੀਟ ਕਿ ਹੜਤਾਲ ਅਤੇ ਗੱਲਬਾਤ ਇੱਕੋ ਸਮੇਂ ਨਹੀਂ ਚੱਲ ਸਕਦੇ ਅਤੇ ਹੜਤਾਲ ਕਰਨ ਵਾਲੇ ਮੁਲਾਜ਼ਮਾਂ ਦੀ ਰਿਪੋਰਟ ਲੈ ਕੇ ਕਾਰਵਾਈ ਕਰਨ ਦੇ ਜਾਰੀ ਪੱਤਰ ਦੀਆਂ ਕਾਪੀਆਂ ਨੂੰ ਫੂਕ ਕੇ ਨਾਅਰੇਬਾਜ਼ੀ ਕਰਦੇ ਹੋਏ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੇ ਪ੍ਰਧਾਨ ਮੋਹਣ ਸਿੰਘ ਭੱਟੀ, ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ, ਜੁਆਇੰਟ ਸਕੱਤਰ ਸਤਪਾਲ ਸਿੰਘ ਖੱਟਕੜ, ਸੀਨੀਅਰ ਪੈਨਸ਼ਨਰ ਜੁਝਾਰੂ ਸਾਥੀ ਜਸਪਾਲ ਸਿੰਘ ਗਰੇਵਾਲ,ਰਤਨ ਸਿੰਘ ਆਦਿ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਹੜਤਾਲ ਕਰਨ ਦੇ ਪੱਧਰ ਤੱਕ ਲੈ ਕੇ ਜਾਣ ਲਈ ਸਿਰਫ਼ ਤੇ ਸਿਰਫ਼ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਿੱਜੀ ਤੌਰ ‘ਤੇ ਜ਼ਿੰਮੇਵਾਰ ਹੈ ਅਤੇ ਹੜਤਾਲ ਕਰਨ ਵਾਲੇ ਮੁਲਾਜ਼ਮਾਂ ਦਾ ਕੋਈ ਵੀ ਕਸੂਰ ਨਹੀਂ ਹੈ। ਆਗੂਆਂ ਨੇ ਆਮ ਲੋਕਾਂ ਨੂੰ ਮੁਲਾਜ਼ਮ ਅਤੇ ਪੈਨਸ਼ਨਰਾਂ ਦੇ ਸੰਘਰਸ਼ ਅਤੇ ਮੰਗਾਂ ਪ੍ਰਤੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਦਿਖਾਈ ਜਾ ਰਹੀ ਸਾਜ਼ਿਸ਼ ਭਰੀ ਬੇਰੁਖੀ ਬਾਰੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਮੌਕੇ ‘ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਰੋਸ ਪ੍ਰਦਰਸ਼ਨਾਂ ਤੋਂ ਘਬਰਾਉਂਦੇ ਹੋਏ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੂਬਾਈ ਆਗੂਆਂ ਨਾਲ ਕਬਾਨਾ, ਫਗਵਾੜਾ ਵਿਖੇ ਚਲਾਵੀਂ ਜਿਹੀ ਮੀਟਿੰਗ ਕਰਕੇ, ਆਗੂਆਂ ਨੂੰ ਭਰੋਸਾ ਦਿੱਤਾ ਸੀ ਕਿ 25/07/2023 ਨੂੰ ਪੰਜਾਬ ਭਵਨ ਚੰਡੀਗੜ੍ਹ ਵੱਡੀ ਸੂਬਾਈ ਮੀਟਿੰਗ ਕਰਕੇ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕਰਦੇ ਹੋਏ ਮੰਗਾਂ ਦਾ ਨਿਪਟਾਰਾ ਕੀਤਾ ਜਾਵੇਗਾ।ਪਰ ਅਤਿ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਤੱਕ ਮੁੱਖ ਮੰਤਰੀ ਪੰਜਾਬ ਦੀ 25/07/2023 ਵਾਲੀ ਮੀਟਿੰਗ ਦੀ ਮਿਤੀ ਸਿਰੇ ਨਹੀਂ ਲੱਗੀ ਬਲਕਿ ਮੁੱਖ ਮੰਤਰੀ ਪੰਜਾਬ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸੂਬਾਈ ਆਗੂਆਂ ਨਾਲ ਅੱਜ ਤੱਕ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਕਰਦੇ ਹੋਏ ਹੱਕੀ ਅਤੇ ਜਾਇਜ਼ ਮੰਗਾਂ ਦਾ ਨਿਪਟਾਰਾ ਕਰਨ ਤੋਂ ਵਾਰ ਵਾਰ ਭਗੌੜੇ ਹੋ ਰਹੇ ਹਨ ਅਤੇ ਹੜਤਾਲ ਕਰਨ ਲਈ ਮੁਲਾਜ਼ਮਾਂ ਪ੍ਰਤੀ ਆਮ ਲੋਕਾਂ ਵਿੱਚ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ। ਆਗੂਆਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਮੁਲਾਜ਼ਮ ਆਪਣੇ ਸਮਾਜ ਦੇ ਹੀ ਧੀਆਂ,ਪੁੱਤ,ਭਰਾ ਹਨ,ਇਸ ਲਈ ਉਹਨਾਂ ਦੇ ਸੰਘਰਸ਼ ਦੀ ਡੱਟਵੀਂ ਹਿਮਾਇਤ ਕਰੋ ਕਿਉਂਕਿ ਮੁਲਾਜ਼ਮ ਤੁਹਾਡੇ ਬੱਚਿਆਂ ਦੇ ਸੁਰੱਖਿਅਤ ਭਵਿੱਖ ਲਈ ਹੀ ਸੰਘਰਸ਼ ਕਰ ਰਹੇ ਹਨ ਅਤੇ ਮੁੱਖ ਮੰਤਰੀ ਪੰਜਾਬ ਦੇ ਮੁਲਾਜ਼ਮਾਂ ਪ੍ਰਤੀ ਕੀਤੇ ਜਾ ਰਹੇ ਗੁੰਮਰਾਹਕੁੰਨ ਪਰਚਾਰ ਤੋਂ ਸੁਚੇਤ ਹੋਵੋ ਅਤੇ ਆਪਣੇ ਬੱਚਿਆਂ ਦੇ ਵਧੀਆ ਭਵਿੱਖ ਲਈ ਉਹਨਾਂ ਨੂੰ ਵਾਰ ਵਾਰ ਸਵਾਲ ਕਰੋ। ਆਗੂਆਂ ਨੇ ਇਹ ਵੀ ਕਿਹਾ ਕਿ ਜੇ ਮੁੱਖ ਮੰਤਰੀ ਪੰਜਾਬ ਨੂੰ ਸੱਚ ਮੁੱਚ ਹੀ ਹੜਤਾਲ ਕਰਨ ਨਾਲ ਆਮ ਲੋਕਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਦਾ ਫ਼ਿਕਰ ਹੁੰਦਾ ਤਾਂ ਉਹ ਮੁਲਾਜ਼ਮਾਂ ਦੇ ਆਗੂਆਂ ਨਾਲ ਹੜਤਾਲ ਕਰਨ ਤੋਂ ਪਹਿਲਾਂ ਵੀ ਗੱਲਬਾਤ ਕਰ ਸਕਦੇ ਸਨ, ਉਹਨਾਂ ਕੋਲ 08 ਅਗੱਸਤ ਤੋਂ 25 ਅਗੱਸਤ ਤੱਕ 18 ਦਿਨਾਂ ਦਾ ਖੁੱਲ੍ਹਾ ਸਮਾਂ ਸੀ।ਆਗੂਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਤਾਨਾਸ਼ਾਹ ਅਤੇ ਡਿਕਟੇਟਰਸ਼ਿਪ ਵਾਲਾ ਅੜੀਅਲ ਵਤੀਰਾ ਤਿਆਗ ਕਰਦੇ ਹੋਏ ਮੁਲਾਜ਼ਮਾਂ ਦੇ ਸੂਬਾਈ ਆਗੂਆਂ ਨਾਲ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਕਰਦੇ ਹੋਏ ਉਹਨਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦਾ ਨਿਪਟਾਰਾ ਕਰਨ ਲਈ ਗੰਭੀਰਤਾ ਦਿਖਾਉਣ ਤਾਂ ਜ਼ੋ ਪੰਜਾਬ ਸਰਕਾਰ ਦੇ ਦਫ਼ਤਰਾਂ ਦਾ ਮਾਹੌਲ ਠੀਕ ਹੋ ਸਕੇ ਅਤੇ ਆਮ ਲੋਕਾਂ ਨੂੰ ਕੰਮ ਕਾਰ ਕਰਵਾਉਣ ਲਈ ਕੋਈ ਵੀ ਪ੍ਰਸ਼ਾਨੀ ਨਾ ਹੋਵੇ ਅਤੇ ਆਪ ਜੀ ਦੀ ਸਰਕਾਰ ਦਾ ਅਕਸ ਵੀ ਆਮ ਲੋਕਾਂ ਵਿੱਚ ਸਾਰਥਕ ਜਾਵੇ। ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਦੇ ਭਵਿੱਖ ਵਿੱਚ ਹੋਣ ਵਾਲੇ ਸੰਘਰਸ਼ਾਂ ਦੀ ਵੀ ਡੱਟਵੀਂ ਹਿਮਾਇਤ ਅਤੇ ਉਹਨਾਂ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਰਹੇਗੀ।

Leave a Reply

Your email address will not be published. Required fields are marked *