ਸਾਥੀ ਗੁਰਨਾਮ ਸਿੰਘ ਦਾਊਦ ਦਾ ਦੁਖਦਾਈ ਵਿਛੋੜਾ

ਜਲੰਧਰ 01 ਸਤੰਬਰ,( ਪਰਮਿੰਦਰ ਸਿੰਘ ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਕੇਂਦਰੀ ਕਮੇਟੀ ਦੇ ਮੈਂਬਰ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਦੇ ਬੇਵਕਤੀ ਵਿਛੋੜੇ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਅੱਜ ਸਵੇਰੇ ਤਕਰੀਬਨ 8-30 ਵਜੇ ਰਈਆ ਮੰਡੀ ਨੇੜਲੇ ਪਿੰਡ ਬੁਟਾਰੀ ਵਿਖੇ ਇਕ ਤੇਜ਼ ਰਫਤਾਰ ਬੱਸ ਹੇਠਾਂ ਮਿੱਧੇ ਜਾਣ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੱਚੇ ਕਰਮਯੋਗੀ ਸਾਥੀ ਦਾਊਦ ਖਰਾਬ ਸਿਹਤ ਦੇ ਬਾਵਜੂਦ ਸਰਗਰਮੀ ਨਾਲ ਪਾਰਟੀ ਤੇ ਜਨ ਸੰਗਠਨਾਂ ਦੀਆਂ ਸਰਗਰਮੀਆਂ ਨੂੰ ਸੂਝ-ਬੂਝ ਨਾਲ ਅਗਵਾਈ ਦਿੰਦੇ ਸਨ। ਅੱਜ ਵੀ ਉਹ ਜਲੰਧਰ ਵਿਖੇ ਹੋਣ ਜਾ ਰਹੀ ਕੁਲ ਹਿੰਦ ਕਿਸਾਨ ਮਹਾਸਭਾ ਦੀ ਕੌਮੀ ਕਾਨਫਰੰਸ ਦੀ ਕਾਮਯਾਬੀ ਲਈ ਜਨਤਕ ਉਗਰਾਹੀ ਕਰਨ ਲਈ ਜਾ ਰਹੇ ਸਨ। ਆਰ ਐਮ ਪੀ ਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ, ਰਾਜ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ, ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਤੇ ਸਕੱਤਰ ਡਾ ਸਤਨਾਮ ਸਿੰਘ ਅਜਨਾਲਾ ਤੇ ਕੁਲਵੰਤ ਸਿੰਘ ਸੰਧੂ, ਪਾਰਟੀ ਦਫਤਰ ਦੇ ਇੰਚਾਰਜ ਸਾਥੀ ਗੁਰਦਰਸ਼ਨ ਬੀਕਾ, ਸੀਟੀਯੂ ਪੰਜਾਬ ਦੇ ਪ੍ਰਧਾਨ ਤੇ ਸਕੱਤਰ ਜਗਦੀਸ਼ ਚੰਦਰ ਤੇ ਹਰਿੰਦਰ ਰੰਧਾਵਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਨਰਲ ਸਕੱਤਰ ਧਰਮਿੰਦਰ ਸਿੰਘਨੇ ਸਾਥੀ ਦਾਊਦ ਦੇ ਵਿਛੋੜੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਦੇ ਇਨਕਲਾਬੀ ਜਜ਼ਬੇ ਨੂੰ ਸੂਹੀ ਸਲਾਮ ਪੇਸ਼ ਕੀਤੀ ਹੈ।

Leave a Reply

Your email address will not be published. Required fields are marked *