ਸ਼ਿਕਾਗੋ ਦੇ ਮਹਾਨ ਸ਼ਹੀਦਾਂ ਤੇ ਬੇਜੋੜ ਰਹਿਬਰਾਂ ਨੂੰ ਭੇਂਟ ਕੀਤੀ ਗਈ ਸੂਹੀ ਸ਼ਰਧਾਂਜਲੀ
ਜਲੰਧਰ 1 ਅਪ੍ਰੈਲ (ਪਰਮਿੰਦਰ ਸਿੰਘ )- ਜੇਪੀਐਮਓ ਅਤੇ ਸੀਟੀਯੂ ਪੰਜਾਬ ਦੇ ਸੱਦੇ ਤਹਿਤ ਕਿਰਤੀਆਂ, ਮੁਲਾਜ਼ਮਾਂ, ਠੇਕਾ ਕਰਮੀਆਂ, ਕੱਚੇ ਕਾਮਿਆਂ, ਮਾਣ ਭੱਤਾ ਤੇ ਸਕੀਮ ਵਰਕਰਾਂ ਅਤੇ ਗੈਰ ਜਥੇਬੰਦ ਖੇਤਰ ਦੇ ਮਜ਼ਦੂਰਾਂ ਨੇ ‘ਕੌਮਾਂਤਰੀ ਮਜ਼ਦੂਰ ਦਿਹਾੜਾ’ ਪੰਜਾਬ ਭਰ ‘ਚ ਭਰਵੇਂ ਸਾਂਝੇ ਇਕੱਠ ਕਰਕੇ ‘ਜੰਗ ਵਿਰੋਧੀ ਦਿਵਸ’ ਵਜੋਂ ਉਤਸ਼ਾਹ ਪੂਰਬਕ ਮਨਾਇਆ। ਇਸ ਮੌਕੇ ਪੰਜਾਬ ਦੇ ਸਾਰੇ ਜਿਲ੍ਹਿਆਂ ਤੋਂ ਇਲਾਵਾ ਅਨੇਕਾਂ ਤਹਿਸੀਲ ਕੇਂਦਰਾਂ ‘ਤੇ ਵੱਖੋ-ਵੱਖ ਵਿਭਾਗਾਂ ਤੇ ਮਿਲਾਂ ਦੇ ਕਿਰਤੀ ਆਪੋ-ਆਪਣੇ ਗੇਟਾਂ ‘ਤੇ ਸੂਹੇ ਝੰਡੇ ਝੁਲਾਉਣ ਅਤੇ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਪਿੱਛੋਂ ਹੱਥਾਂ ‘ਚ ਸੁਰਖ਼ ਫੁਰੇਰੇ ਫੜ੍ਹੀ ਜੋਸ਼ੀਲੇ ਨਾਅਰੇ ਮਾਰਦੇ ਹੋਏ ਸਾਂਝੇ ਇਕੱਠਾਂ ‘ਚ ਪੁੱਜੇ। ਉਕਤ ਇਕੱਠਾਂ ਨੂੰ ਜਮਹੂਰੀ ਲਹਿਰ ਦੇ ਨਾਮਵਰ ਆਗੂ ਸਾਥੀ ਮੰਗਤ ਰਾਮ ਪਾਸਲਾ ਤੋਂ ਇਲਾਵਾ ਸਰਵ ਸਾਥੀ ਪਰਗਟ ਸਿੰਘ ਜਾਮਾਰਾਏ, ਨੱਥਾ ਸਿੰਘ ਢਡਵਾਲ, ਸ਼ਿਵ ਕੁਮਾਰ ਪਠਾਨਕੋਟ, ਸਤੀਸ਼ ਰਾਣਾ, ਮਹੀਪਾਲ, ਸੱਜਣ ਸਿੰਘ ਮੋਹਾਲੀ, ਦਰਸ਼ਨ ਨਾਹਰ, ਜਗਦੀਸ਼ ਚੰਦਰ, ਧਿਆਨ ਸਿੰਘ ਠਾਕੁਰ, ਕੁਲਦੀਪ ਸਿੰਘ ਦੌੜਕਾ, ਕ੍ਰਿਪਾਲ ਸਿੰਘ ਗਿੱਲ, ਜਗਤਾਰ ਸਿੰਘ ਕਰਮਪੁਰਾ, ਮੰਗਲ ਸਿੰਘ ਟਾਂਡਾ, ਗੰਗਾ ਪ੍ਰਸ਼ਾਦ, ਹਰੀ ਮੁਨੀ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਅਮਰੀਕਾ-ਇਜ਼ਰਾਇਲ ਜੰਗਬਾਜ਼ ਜੁੰਡਲੀ ਦੇ ਜੰਗੀ ਮਨਸੂਬੇ ਫੇਲ੍ਹ ਕਰਨ ਦਾ ਸੱਦਾ ਦਿੰਦਿਆਂ ਜੰਗਾਂ-ਯੁਧਾਂ, ਲੁੱਟ-ਖਸੁੱਟ, ਦਮਨ-ਦਾਬੇ ਤੋਂ ਮਾਨਵਤਾ ਦੀ ਸਦੀਵੀ ਮੁਕਤੀ ਲਈ ਗਲੋਬ ਤੋਂ ਸਾਮਰਾਜ ਦੀ ਹੋਂਦ ਮਿਟਾਉਣ ਦੇ ਘੋਲ ਪ੍ਰਚੰਡ ਕਰਨ ਦੀ ਪੁਰਜ਼ੋਰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਨੇ ਭਾਰਤ ਸਮੇਤ ਦੁਨੀਆ ਭਰ ਦੇ ਲੋਕਾਂ ਦੀਆਂ ਮੁਸੀਬਤਾਂ ‘ਚ ਅੰਤਾਂ ਦਾ ਵਾਧਾ ਕਰਨ ਵਾਲੀ ਖਾੜੀ ਜੰਗ ਦੌਰਾਨ ਪੀੜਤ ਈਰਾਨ ਦੀ ਥਾਂ ਅਮਰੀਕੀ-ਇਜ਼ਰਾਇਲੀ ਧਾੜਵੀਆਂ ਦਾ ਸਾਥੀ ਦੇ ਕੇ ਭਾਰਤੀ ਵਸੋਂ ਦੀ ਜਾਨ ਕੁੜਿੱਕੀ ‘ਚ ਫਸਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੌਮੀ ਰਾਜਧਾਨੀ ਖੇਤਰ (ਐਨਸੀਆਰ) ਦੀ ਕਿਰਤੀ ਵਸੋਂ ਦੀ ਤਰਸਯੋਗ ਹਾਲਤ ਅਤੇ ਉਨ੍ਹਾਂ ਦੇ ਹੱਕੀ ਘੋਲ ਨਾਲ ਨਜਿੱਠਣ ਦੇ ਮੋਦੀ-ਯੋਗੀ ਸਰਕਾਰਾਂ ਦੇ ਜਾਬਰ ਹਥਕੰਡਿਆਂ ਤੇ ਕੂੜ ਪ੍ਰਚਾਰ ਤੋਂ ਭਾਰਤ ਦੀ ਗਰੀਬੀ ਵਸੋਂ ਦੀ ਬਦਹਾਲੀ ਦਾ ਸਹੀ-ਸਹੀ ਅੰਦਾਜ਼ਾ ਬਾਖੂਬੀ ਲਾਇਆ ਜਾ ਸਕਦਾ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਸਮੇਤ ਸੰਸਾਰ ਦੇ ਸਾਰੇ ਦੇਸ਼ਾਂ ਦੇ ਕਿਰਤੀ-ਕਾਮਿਆਂ ਨੂੰ ਆਪਣਾ ਵਰਤਮਾਨ ਤੇ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਸੰਵਾਰਨ ਲਈ ਨਵ-ਉਦਾਰਵਾਦੀ ਨੀਤੀਆਂ ਨੂੰ ਖਾਰਜ ਕਰਨ ਲਈ ਆਰ-ਪਾਰ ਦਾ ਜਮਾਤੀ ਯੁੱਧ ਵਿੱਢਣਾ ਹੋਵੇਗਾ। ਇਸ ਲੋਕ ਯੁੱਧ ਦੀ ਕਾਮਯਾਬੀ ਲਈ ਸਾਮਰਾਜੀ ਧਾੜਵੀਆਂ, ਬਹੁਕੌਮੀ ਕਾਰਪੋਰਸ਼ਨਾਂ ਤੇ ਕਾਰਪੋਰੇਟ ਲੋਟੂਆਂ ਦੇ ਦਲਾਲ, ਸੱਜ-ਪਿਛਾਖੜ ਤੇ ਫਿਰਕੂ-ਫਾਸ਼ੀ, ਹਿੰਦੂਤਵੀ ਗ੍ਰੋਹਾਂ ਦੀਆਂ ਵੰਡਵਾਦੀ ਸਾਜ਼ਿਸ਼ਾਂ ਨੂੰ ਵੀ ਭਾਂਜ ਦੇਣੀ ਹੋਵੇਗੀ। ਇਕੱਠਾਂ ਰਾਹੀਂ ਕਿਰਤੀ ਦੋਖੀ ਚਾਰ ਕਿਰਤ ਕੋਡ ਰੱਦ ਕਰਨ ਅਤੇ ਰੱਦ ਕੀਤੇ ਕਿਰਤ ਕਾਨੂੰਨ ਬਹਾਲ ਕਰਨ ਦੀ ਮੰਗ ਬੜੀ ਸ਼ਿੱਦਤ ਨਾਲ ਉਭਾਰੀ ਗਈ ਹੈ। ਜਿਆਦਾਤਰ ਥਾਵਾਂ ‘ਤੇ ‘ਯੁੱਧ ਵਿਰੋਧੀ ਮਾਰਚ’ ਵੀ ਕੀਤੇ ਗਏ।
