ਨਵਾਂਸ਼ਹਿਰ/ਰਾਹੋਂ, 2 ਮਈ, (ਕੁਲਵਿੰਦਰ ਸਿੰਘ ਰਾਹੋਂ)-ਭਾਰਤ ਦੇ ਮੂਲ ਨਿਵਾਸੀ ਜੋ ਮਨੂ ਸਿਮਰਤੀ ਦੇ ਮਗਰ ਲੱਗ ਕੇ ਖੁਦ ਨੂੰ ਵੀ ਬਹੁਤ ਸਾਰੀਆਂ ਜਾਤਾਂ ਵਿੱਚ ਵੰਡ ਚੁੱਕੇ ਹਨ, ਜਿਸ ਵਿੱਚ ਚਮਾਰ, ਵਾਲਮੀਕੀ, ਜੱਟ ਆਦਿ ਧਰਮੀ, ਨਾਈ, ਸੈਂਸੀ, ਘਾਈ ਬਾਤੀ, ਤੇਲੀ, ਬਾਜ਼ੀਗਰ ਤੇ ਹੋਰ ਵੀ ਬਹੁਤ ਸਾਰੀਆਂ ਜਾਤਾਂ ਆਉਂਦੀਆਂ ਹਨ, ਜਿਨਾਂ ਵਿੱਚੋਂ ਕਈ ਅੱਜ ਖੁਦ ਨੂੰ ਦੂਸਰਿਆਂ ਤੋਂ ਵੱਖਰਾ ਅਤੇ ਉੱਚਾ ਸਮਝਦਿਆਂ ਅੱਜ ਦੇ ਸਮੇਂ ਵਿੱਚ ਆਪਣੇ ਆਪ ਨੂੰ ਉੱਚ ਵਰਗੀ ਮੰਨਦੇ ਹਨ ਆਦਿ ਵਾਸੀਆਂ ਵਿੱਚ ਸ਼ਾਮਿਲ ਹਨ। ਭਾਰਤ ਨੂੰ ਜਾਤੀ ਅਧਾਰ ਤੇ ਤੋੜ ਕੇ ਮਨੂ ਸਿਮਰਤੀ ਦੇ ਅਨੁਸਾਰ ਸੈਂਕੜੇ ਜਾਤਾਂ ਬਣਾ ਦਿੱਤੀਆਂ ਗਈਆਂ। ਤਾਂ ਕਿ ਇਹਨਾਂ ਲੋਕਾਂ ਨੂੰ ਸਦੀਆਂ ਤੱਕ ਗੁਲਾਮ ਬਣਾਇਆ ਜਾ ਸਕੇ ਜਿਸ ਗੁਲਾਮੀ ਨੂੰ ਨਾ ਗੁਲਾਮ ਭੁੱਲ ਸਕੇ ਅਤੇ ਨਾ ਮਾਲਕ ਉਸ ਦੇ ਲਈ ਇੱਕ ਲਿਖਤੀ ਕਿਤਾਬ ਤਿਆਰ ਕੀਤੀ ਗਈ ਜਿਸ ਨੂੰ “ਮਨੂ ਸਿਮਰਤੀ” ਦਾ ਨਾਂ ਦਿੱਤਾ ਗਿਆ। ਭਾਰਤ ਦੇ ਮੂਲ ਬਸ਼ਿੰਦਿਆਂ ਨੂੰ ਗੁਮਰਾਹ ਕਰਕੇ ਗੁਲਾਮ ਬਣਾਉਣ ਲਈ ਇਹ ਕਿਤਾਬ ਨੇ ਸਦੀਆਂ ਤੱਕ ਆਪਣੀ ਭੂਮਿਕਾ ਨਿਭਾਈ ਅਤੇ ਅੱਜ ਵੀ ਇਹ ਕਿਤਾਬ ਲੋਕਾਂ ਦੇ ਦਿਮਾਗਾਂ ਵਿੱਚ ਇਸ ਤਰਹਾਂ ਘਰ ਕਰ ਚੁੱਕੀ ਹੈ, ਕਿ ਹੁਣ ਉਸ ਕਿਤਾਬ ਨੂੰ ਪੜਨ ਦੀ ਲੋੜ ਨਹੀਂ, ਲੋਕਾਂ ਦੇ ਦਿਮਾਗਾਂ ਵਿੱਚ ਜਾਤਾਂ ਛਪ ਚੁੱਕੀਆਂ ਹਨ, ਕਿਤਾਬ ਦੀਆਂ ਖਿੱਚੀਆਂ ਲੀਕਾਂ ਦੇ ਦਿ ਮਾਗਾਂ ਵਿੱਚ ਛਪ ਚੁੱਕੀਆਂ ਹਨ। ਜਦ ਕਿ ਭਾਰਤ ਵਿੱਚ ਪਹਿਲਾਂ ਕਿਸੇ ਪ੍ਰਕਾਰ ਦੀ ਕੋਈ ਜਾਤ ਨਹੀਂ ਸੀ ਲੋਕ ਆਪਣੇ ਆਪਣੇ ਕਬੀਲਿਆਂ ਦੇ ਅਨੁਸਾਰ ਆਪਣੇ ਆਪਣੇ ਕਾਰਜ ਕਰਦੇ ਸਨ ਅਤੇ ਕੋਈ ਊਚ ਨੀਚ ਜਾਂ ਛੋਟਾ ਵੱਡਾ ਨਹੀਂ ਸੀ। ਅਸੀਂ ਸਮਝ ਲਈਏ ਕਿ ਅਸੀਂ ਸਭ ਤੋਂ ਪਹਿਲਾਂ ਇਸ ਭਾਰਤ ਦੇ ਮੂਲ ਬਸ਼ਿੰਦੇ ਭਾਵ ਭਾਰਤ ਦੇ ਮੂਲ ਨਿਵਾਸੀ ਹਾਂ, ਭਾਰਤ ਵਿੱਚ ਜੱਦੀ ਪੁਸ਼ਤੀ ਰਹਿਣ ਵਾਲੇ ਹਾਂ, ਜਿਨਾਂ ਨੂੰ ਆਪਣੇ ਇਤਿਹਾਸ ਦਾ ਪਤਾ ਹੋਣਾ ਬੇਹੱਦ ਜਰੂਰੀ ਹੈ। ਮਨੂ ਨੇ ਸਾਨੂੰ ਆਪਸ ਵਿੱਚ ਪਾੜਨ ਦੇ ਲਈ ਸਾਨੂੰ ਜਾਤਾਂ ਵਿੱਚ ਵੰਡ ਦਿੱਤਾ ਤਾਂ ਕਿ ਅਸੀਂ ਲੋਕ ਆਪਸ ਵਿੱਚ ਹੀ ਇੱਕ ਦੂਸਰੇ ਨੂੰ ਛੋਟਾ ਵੱਡਾ ਦਰਸਾਈ ਜਾਈਏ, ਕਦੇ ਵੀ ਇੱਕ ਨਾ ਹੋ ਸਕੀਏ ਤੇ ਸਾਨੂੰ ਜਾਤਾਂ ਵਿੱਚ ਵੰਡਣ ਵਾਲੇ ਅੱਗੇ ਕਦੇ ਸਿਰ ਨਾ ਚੱਕ ਸਕੀਏ। ਸੋ ਇਹ ਗੱਲ ਬਿਲਕੁਲ ਸਪਸ਼ਟ ਹੈ, ਕਿ ਅਸੀਂ ਕਿਸੇ ਜਾਤੀ ਦੇ ਵਿੱਚ ਨਹੀਂ ਆਉਂਦੇ ਬਲਕਿ ਅਸੀਂ ਮੂਲ ਨਿਵਾਸੀ ਜਾਂ ਆਦੀ ਵਾਸੀ ਹਾਂ ਜਿਨ੍ਹਾਂ ਦੀ ਕੋਈ ਵੀ ਜਾਤ ਨਹੀਂ ਸੀ, ਭਾਵ ਭਾਰਤ ਦੇ ਵਿੱਚ ਆਦਿ ਜੁਗਾਦ ਤੋਂ ਰਹਿਣ ਵਾਲੇ, ਬਾਕੀ ਸਾਨੂੰ ਗੁਲਾਮ ਬਣਾ ਕੇ ਆਪਸ ਵਿੱਚ ਪਾੜਨ ਲਈ ਜਿੰਮੇਵਾਰ ਕੁਝ ਨਸਲਾਂ ਭਾਰਤ ਤੋਂ ਬਾਹਰੋਂ ਆ ਕੇ ਭਾਰਤ ਵਿੱਚ ਵਸੀਆਂ ਅਤੇ ਭਾਰਤੀ ਮੂਲ ਨਿਵਾਸੀਆਂ ਨੂੰ ਗੁਲਾਮ ਬਣਾ ਕੇ ਵੱਖ-ਵੱਖ ਜਾਤਾਂ ਵਿੱਚ ਵੰਡ ਦਿੱਤਾ। ਸਾਡਾ ਆਦਿ ਵਾਸੀਆਂ ਦਾ ਇਤਿਹਾਸ ਬੇਹੱਦ ਬਹਾਦਰੀ ਭਰਿਆ ਅਤੇ ਸਲਾਘਾਯੋਗ ਹੈ, ਜਿਸ ਨੂੰ ਜਾਨਣਾ ਸਭ ਦੇ ਲਈ ਬੇਹਦ ਜਰੂਰੀ ਹੈ।ਭਾਰਤ ਦਾ ਇਤਿਹਾਸ ਭਾਰਤੀ ਮੂਲ ਨਿਵਾਸੀਆਂ ਦੀਆਂ ਬਹਾਦਰੀਆਂ ਅਤੇ ਕੁਰਬਾਨੀਆਂ ਦੀਆਂ ਅਣਗਿਣਤ ਕਹਾਣੀਆਂ ਨਾਲ ਭਰਿਆ ਹੋਇਆ ਹੈ। ਪਰ ਕੁਝ ਅਜਿਹੀਆਂ ਘਟਨਾਵਾਂ ਵੀ ਹਨ, ਜਿਨ੍ਹਾਂ ਨੂੰ ਸਮੇਂ ਦੇ ਨਾਲ ਜਾਂ ਤਾਂ ਇਸ ਲਈ ਭੁਲਾ ਦਿੱਤਾ ਗਿਆ ਕਿ ਇਹ ਬਹਾਦਰੀਆਂ ਗੁਲਾਮ ਵਰਗ ਦੀਆਂ ਹਨ ਅਤੇ ਜੇਕਰ ਗੁਲਾਮ ਵਰਗ ਦੀ ਬੱਲੇ-ਬੱਲੇ ਹੋ ਗਈ ਤਾਂ ਗੁਲਾਮ ਵਰਗ ਬਗਾਵਤ ਕਰ ਸਕਦਾ ਹੈ ਜਾਂ ਫਿਰ ਉਨ੍ਹਾਂ ਨੂੰ ਉਹ ਸਥਾਨ ਨਹੀਂ ਮਿਲਿਆ, ਜਿਸ ਦੀਆਂ ਉਹ ਹੱਕਦਾਰ ਸਨ। ਅਜਿਹੀ ਹੀ ਇੱਕ ਬੇਹੱਦ ਦਰਦਨਾਕ ਘਟਨਾ 2 ਮਈ 1860 ਨੂੰ ਵਾਪਰੀ, ਜਿਸ ਵਿੱਚ 1000 ਆਦਿਵਾਸੀ ਯੋਧਿਆਂ ਨੂੰ ਇੱਕੋ ਦਿਨ, ਇੱਕੋ ਰੁੱਖ ‘ਤੇ ਅੰਗਰੇਜ਼ ਹਕੂਮਤ ਵੱਲੋਂ ਫਾਂਸੀ ਦੇ ਦਿੱਤੀ ਗਈ। ਇਹ ਕੋਈ ਕਾਲਪਨਿਕ ਕਹਾਣੀ ਨਹੀਂ, ਸਗੋਂ ਇੱਕ ਅਜਿਹਾ ਕੌੜਾ ਸੱਚ ਹੈ, ਜੋ ਸਾਡੇ ਇਤਿਹਾਸ ਦੇ ਪੰਨਿਆਂ ਵਿੱਚ ਕਿਤੇ ਦਬਾ ਦਿੱਤਾ ਗਿਆ। ਇਹ ਘਟਨਾ “ਨਿਰਮਲ” ਸਥਾਨ ਜਿਸ ਨੂੰ ਅੱਜ ਕੱਲ ਤਿਲੰਗਾਨਾ ਕਿਹਾ ਜਾਂਦਾ ਹੈ ਵਿੱਚ ਵਾਪਰੀ। ਰਾਮਜੀ ਗੌਂਡ ਇੱਕ ਵੱਡੇ ਆਦਿਵਾਸੀ ਕਬੀਲੇ ਦੇ ਸਰਦਾਰ ਸਨ ਅਤੇ ਅੰਗਰੇਜ਼ਾਂ ਵਿਰੁੱਧ ਆਪਣੀ ਜ਼ਮੀਨ ਅਤੇ ਜੰਗਲਾਂ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਸਨ। ਰਾਮਜੀ ਗੌਂਡ ਇੱਕ ਬੁਲੰਦ ਹੌਸਲੇ ਦੇ ਪ੍ਰਤੀਕ ਸਨ, ਜਿਨਾਂ ਦੇ ਕੇਂਦਰ ਵਿੱਚ ਇਹ ਘਟਨਾ ਘੁੰਮਦੀ ਹੈ। ਉਹ ਇੱਕ ਬੇਹੱਦ ਬਹਾਦਰ ਅਤੇ ਨਿਡਰ ਯੋਧਾ ਸਨ।ਉਹ ਗੌਂਡ ਸਮਾਜ ਨਾਲ ਸਬੰਧ ਰੱਖਦੇ ਸਨ ਅਤੇ ਉਨ੍ਹਾਂ ਨੇ ਅੰਗਰੇਜ਼ਾਂ ਤੇ ਨਿਜ਼ਾਮ ਦੇ ਅੱਤਿਆਚਾਰਾਂ ਵਿਰੁੱਧ ਆਵਾਜ਼ ਉਠਾਈ। ਜਦੋਂ ਆਦਿਵਾਸੀਆਂ ਦੇ ਜਲ, ਜੰਗਲ ਅਤੇ ਜ਼ਮੀਨ ‘ਤੇ ਅੰਗਰੇਜ਼ਾਂ ਵੱਲੋਂ ਕਬਜ਼ਾ ਕੀਤਾ ਜਾਣ ਲੱਗਾ, ਤਾਂ ਰਾਮਜੀ ਗੌਂਡ ਨੇ ਵਿਰੋਧ ਨੂੰ ਇੱਕ ਅੰਦੋਲਨ ਦਾ ਰੂਪ ਦੇ ਦਿੱਤਾ। ਉਨ੍ਹਾਂ ਨੇ ਗੌਂਡ ਯੋਧਿਆਂ ਨੂੰ ਜਥੇਬੰਦ ਕਰਕੇ ਇੱਕ ਫੌਜ ਬਣਾਈ। ਤਿੰਨ ਸਾਲ ਤੱਕ ਅੰਗਰੇਜ਼ਾਂ ਨੂੰ ਰੋਕ ਕੇ ਰੱਖਿਆ ਰਾਮਜੀ ਗੌਂਡ ਨੇ ਗੁਰੀਲਾ ਯੁੱਧ ਦੀ ਰਣਨੀਤੀ ਅਪਣਾਈ। ਉਹ ਅਚਾਨਕ ਹਮਲਾ ਕਰਦੇ ਅਤੇ ਫਿਰ ਜੰਗਲਾਂ ਵਿੱਚ ਗਾਇਬ ਹੋ ਜਾਂਦੇ। ਲਗਾਤਾਰ ਤਿੰਨ ਸਾਲਾਂ ਤੱਕ ਉਨ੍ਹਾਂ ਨੇ ਆਪਣੇ ਖੇਤਰ ਵਿੱਚ ਅੰਗਰੇਜ਼ਾਂ ਨੂੰ ਵੜਨ ਨਹੀਂ ਦਿੱਤਾ। ਜਦੋਂ ਅੰਗਰੇਜ਼ ਸਿੱਧੇ ਯੁੱਧ ਵਿੱਚ ਸਫ਼ਲ ਨਾ ਹੋ ਸਕੇ, ਤਾਂ ਉਨ੍ਹਾਂ ਨੇ ਧੋਖੇ ਦਾ ਸਹਾਰਾ ਲਿਆ। ਰਾਮਜੀ ਗੌਂਡ ਸਮੇਤ ਲਗਭਗ 1000 ਆਦਿਵਾਸੀ ਯੋਧਿਆਂ ਨੂੰ ਇੱਕੋ ਦਿਨ, ਇੱਕ ਵਿਸ਼ਾਲ ਬੋਹੜ ਦੇ ਰੁੱਖ ‘ਤੇ ਇੱਕਠਿਆਂ ਫਾਂਸੀ ਦੇ ਦਿੱਤੀ ਗਈ। ਇਹ ਇਹ ਬਹੁਤ ਵੱਡਾ ਦੁਖਾਂਤ ਇਤਿਹਾਸ ਦਾ ਸਭ ਤੋਂ ਵੱਡਾ ਅਨਿਆਂ ਸੀ ਜੋ ਅੰਗਰੇਜ਼ਾਂ ਵੱਲੋਂ ਆਦਿਵਾਸੀਆਂ ਤੇ ਕੀਤਾ ਗਿਆ। ਇਹ ਘਟਨਾ ਜਲ੍ਹਿਆਂਵਾਲਾ ਬਾਗ ਦੀ ਘਟਨਾ ਵਾਂਗ ਹੀ ਬੇਹੱਦ ਦਰਦਨਾਕ ਸੀ। ਅੰਗਰੇਜ਼ਾਂ ਵੱਲੋਂ ਕੀਤੇ ਗਏ ਇਸ ਵੱਡੇ ਘੱਲੂ ਕਾਰੇ ਨੂੰ ਇਤਿਹਾਸ ਵਿੱਚ ਮਹਾਨ ਸ਼ਹਾਦਤ ਦਾ ਦਰਜਾ ਮਿਲਣਾ ਚਾਹੀਦਾ ਹੈ, ਅਤੇ ਉਹਨਾਂ ਯੋਧਿਆਂ ਨੂੰ ਯਾਦ ਕਰਨ ਲਈ ਪੂਰੇ ਭਾਰਤ ਦੇ ਸਕੂਲਾਂ ਵਿੱਚ ਇਸ ਇਤਿਹਾਸ ਨੂੰ ਬੱਚਿਆਂ ਨਾਲ ਸਾਂਝਾ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਜਿੱਥੇ ਬੱਚਿਆਂ ਵਿੱਚ ਦਲੇਰੀ ਅਤੇ ਉਤਸ਼ਾਹ ਜਾਗੇਗਾ ਉਸ ਦੇ ਨਾਲ ਭਾਰਤ ਵਿੱਚੋਂ ਜਾਤ ਨੂੰ ਖਤਮ ਕਰਕੇ ਊਚ ਨੀਚ ਦੇ ਅੰਤਰ ਨੂੰ ਮਿਟਾਣ ਲਈ ਬਹੁਤ ਵੱਡਾ ਹੁੰਗਾਰਾ ਮਿਲੇਗਾ।
ਅੱਜ ਦੇ ਦਿਨ 1000 ਆਦਿ ਵਾਸੀਆਂ ਨੂੰ 2 ਮਈ 1860 ਨੂੰ ਇੱਕੋ ਰੁੱਖ ‘ਤੇ ਦਿੱਤੀ ਗਈ ਸੀ ਫਾਂਸੀ: ਇਤਿਹਾਸ ਦਾ ਸਭ ਤੋਂ ਵੱਡਾ ਅਨਿਆਂ
