ਪੈਨਸ਼ਨਰ ਜੁਆਇੰਟ ਫਰੰਟ ਪੰਜਾਬ ਦੀ 17 ਜੂਨ ਦੀ ਜਲੰਧਰ ਸੂਬਾਈ ਕਨਵੈਨਸ਼ਨ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਕੀਤੀ ਅਪੀਲ

ਗੁਰਾਇਆ 15 ਜੂਨ (ਪਰਮਿੰਦਰ ਸਿੰਘ ) ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਫਿਲੌਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਬਲਵਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੀ ਕਾਰਵਾਈ ਨੂੰ ਐਸੋਸੀਏਸ਼ਨ ਦੇ ਜਨਰਲ ਸਕੱਤਰ ਬੂਟਾ ਰਾਮ ਅਕਲਪੁਰ ਨੇ ਚਲਾਇਆ। ਮੀਟਿੰਗ ਦੇ ਆਰੰਭ ਵਿੱਚ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਐਸੋਸੀਏਸ਼ਨ ਦੇ ਮੈਂਬਰ ਸ੍ਰੀਮਤੀ ਸਵਰਨ ਕੌਰ ਬੀ ਪੀ ਈ ਓ,ਸ.ਅਵਤਾਰ ਸਿੰਘ ਬਾਸੀ ਸੈਂਟਰ ਮੁੱਖ ਅਧਿਆਪਕ, ਸ਼੍ਰੀ ਮਤੀ ਜੋਗਿੰਦਰ ਕੌਰ ਹੈੱਡ ਟੀਚਰ , ਸ਼ੁੱਕਰ ਰਾਮ ਅਤੇ ਆਲ ਇੰਡੀਆ ਸਟੇਟ ਗੌਰਮਿੰਟ ਪੈਨਸ਼ਨਰਜ਼ ਫੈਡਰੇਸ਼ਨ ਦੇ ਕੌਮੀ ਵਿੱਤ ਸਕੱਤਰ ਸ੍ਰੀ ਨਿਵਾਸਨ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕਰਦੇ ਹੋਏ ਉਨ੍ਹਾਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜੂਨ ਮਹੀਨੇ ਵਿੱਚ ਐਸੋਸੀਏਸ਼ਨ ਦੇ ਜਿਹਨਾਂ ਮੈਂਬਰਾਂ ਦਾ ਜਨਮ ਦਿਨ ਆਉਂਦਾ ਹੈ,ਉਹਨਾਂ ਨੂੰ ਜਨਮ ਦਿਨ ਦੀ ਮੁਬਾਰਕਾਂ ਦਿੰਦੇ ਹੋਏ ਤੰਦਰੁਸਤੀ ਅਤੇ ਖੁਸ਼ੀਆਂ ਭਰਪੂਰ ਲੰਬੀ ਉਮਰ ਦੀ ਕਾਮਨਾ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਐਸੋਸੀਏਸ਼ਨ ਦੇ ਮੁੱਖ ਸਲਾਹਕਾਰ ਕੁਲਦੀਪ ਸਿੰਘ ਕੌੜਾ, ਸੀਨੀਅਰ ਮੀਤ ਪ੍ਰਧਾਨ ਤਾਰਾ ਸਿੰਘ ਬੀਕਾ,ਮੀਤ ਪ੍ਰਧਾਨ ਸਤਪਾਲ ਮਹਿਮੀ , ਚਰਨਜੀਤ ਅੱਟਾ ਆਦਿ ਨੇ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਰੋਧੀ ਨੀਤੀ ਦੀ ਜ਼ੋਰਦਾਰ ਢੰਗ ਨਾਲ ਨਿੰਦਿਆ ਕਰਦੇ ਹੋਏ ਕਿਹਾ ਕਿ ਹੁਣ ਤੱਕ ਦੀਆਂ ਸਭ ਸਰਕਾਰਾਂ ਨਾਲੋਂ ਆਮ ਆਦਮੀ ਪਾਰਟੀ ਦੀ ਸ.ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਦਾ ਨਿਪਟਾਰਾ ਕਰਨ ਲਈ ਸਭ ਤੋਂ ਵੱਧ ਨਿਕੰਮੀ ਸਰਕਾਰ ਸਾਬਿਤ ਹੋਈ ਹੈ,ਜੋ ਕਿ ਸਵਾ ਚਾਰ ਸਾਲਾਂ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਕੁੱਝ ਦੇਣ ਦੀ ਬਜਾਏ ਲੰਬੇ ਸੰਘਰਸ਼ਾਂ ਨਾਲ ਪ੍ਰਾਪਤ ਕੀਤੇ ਹੱਕ ਖੋਹਣ ਲਈ ਲਗਾਤਾਰ ਯਤਨਸ਼ੀਲ ਹੈ। ਹਾਈਕੋਰਟ ਵਲੋਂ 08/04/2026 ਨੂੰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 30/06/2026 ਤੱਕ 16 ਪ੍ਰਤੀਸ਼ਤ ਡੀ ਏ ਦੀਆਂ ਕਿਸ਼ਤਾਂ ਅਤੇ ਬਣਦੇ ਬਕਾਏ ਦੇਣ ਦੇ ਸਿੰਗਲ ਜੱਜ ਦੇ ਫੈਸਲੇ ਨੂੰ ਲੰਮਾ ਸਮਾਂ ਲਟਕਾ ਕੇ ਰੱਖਣ ਲਈ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਵਿਰੁੱਧ ਹਾਈਕੋਰਟ ਵਿੱਚ ਡਬਲ ਬੈਂਚ ਜੱਜਾਂ ਕੋਲ ਐੱਸ ਐੱਲ ਪੀ ਪਾ ਚੁੱਕੀ ਹੈ, ਜਿਸ ਦੀ ਵੀ ਸਾਂਝੇ ਤੌਰ ‘ਤੇ ਨਿਖੇਧੀ ਕਰਦੇ ਹੋਏ ਮੰਗ ਕੀਤੀ ਜਾਂਦੀ ਹੈ ਕਿ ਹਾਈਕੋਰਟ ਦੇ ਫੈਸਲੇ ਨੂੰ ਤੁਰੰਤ ਲਾਗੂ ਕਰਦੇ ਹੋਏ 30/06/2026 ਤੋਂ ਪਹਿਲਾਂ ਪਹਿਲਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਡੀ ਏ ਦੇ ਕੇ ਹਾਈਕੋਰਟ ਦੇ ਫੈਸਲੇ ਦਾ ਮਾਣ ਸਨਮਾਨ ਬਹਾਲ ਰੱਖੇ। ਆਗੂਆਂ ਨੇ ਕਿਹਾ ਕਿ ਜਿਹਨਾਂ ਮੈਂਬਰਾਂ ਦਾ ਐੱਲ ਟੀ ਸੀ ਜੁਲਾਈ ਵਿੱਚ ਡਿਊ ਹੈ,ਉਹ ਆਪਣਾ ਐੱਲ ਟੀ ਸੀ ਲੈਣ ਲਈ ਪੈਂਨਸ਼ਨ ਪੋਰਟਲ ਤੇ ਅਪਡੇਟ ਕਰਵਾ ਲੈਣ ਤਾਂ ਜੋ ਉਹਨਾਂ ਨੂੰ ਐੱਲ ਟੀ ਸੀ ਮਿਲ ਸਕੇ। ਇੱਕ ਮਤਾ ਪਾਸ ਕਰਕੇ ਸਹਾਇਕ ਲਾਈਨਮੈਂਨਾਂ ਉੱਤੇ ਪੰਜਾਬ ਸਰਕਾਰ ਦੇ ਇਸ਼ਾਰੇ ‘ਤੇ ਪਟਿਆਲਾ ਪੁਲਿਸ ਪ੍ਰਸ਼ਾਸਨ ਵਲੋਂ ਅੰਧਾਧੁੰਦ ਲਾਠੀਚਾਰਜ ਕਰਨ ਦੀ ਤਿੱਖੀ ਨਿਖੇਧੀ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਹਾਇਕ ਲਾਈਨਮੈਂਨਾਂ ਨੂੰ ਪੂਰੇ ਪੂਰੇ ਗ੍ਰੇਡਾਂ ਵਿੱਚ ਤੁਰੰਤ ਰੈਗੂਲਰ ਨਿਯੁਕਤੀਆਂ ਦੇ ਆਰਡਰ ਜਾਰੀ ਕੀਤੇ ਜਾਣ। ਦੂਜਾ ਮਤਾ ਪਾਸ ਕਰਦੇ ਹੋਏ ਰੈਗੂਲਰ ਹੋਣ ਅਤੇ ਤਨਖਾਹਾਂ ਵਿੱਚ ਵਾਧੇ ਲਈ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦੇ ਸੰਘਰਸ਼ ਦਾ ਵੀ ਪੁਰਜ਼ੋਰ ਸਮਰਥਨ ਕੀਤਾ ਜਾਂਦਾ ਹੈ। ਮੀਟਿੰਗ ਵਿੱਚ ਹਾਜ਼ਰ ਆਗੂਆਂ ਵਲੋਂ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੂੰ ਅਪੀਲ ਵੀ ਕੀਤੀ ਜਾਂਦੀ ਹੈ ਕਿ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਰੋਧੀ ਨੀਤੀ ਦਾ ਠੋਕਵਾਂ ਜਵਾਬ ਦੇਣ ਲਈ 17 ਜੂਨ ਦੀ ਜਲੰਧਰ ਸੂਬਾਈ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਲਈ ਹੁੰਗਾਰਾ ਜਲਦੀ ਤੋਂ ਜਲਦੀ ਦਿੱਤਾ ਜਾਵੇ ਤਾਂ ਜੋ ਸੂਬਾ ਪ੍ਰਧਾਨ ਵਲੋਂ ਲਗਾਏ ਗਏ ਕੋਟੇ ਤੋਂ ਵੱਧ ਕੇ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾ ਸਕੇ।
ਪਿਛਲੇ ਸਮੇਂ ਵਿੱਚ ਕੀਤੇ ਗਏ ਸੰਘਰਸ਼ਾਂ ਵਿੱਚ ਐਸੋਸੀਏਸ਼ਨ ਵੱਲੋਂ ਕੀਤੀ ਗਈ ਸ਼ਮੂਲੀਅਤ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਦੇ ਆਖ਼ਰ ਵਿੱਚਪ੍ਰਧਾਨ ਬਲਵਿੰਦਰ ਕੁਮਾਰ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਅਤੇ ਲਾਗੂ ਕਰਵਾਉਣ ਲਈ ਚੱਲ ਰਹੇ ਸੰਘਰਸ਼ਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ‌ ਅਪੀਲ ਵੀ ਕੀਤੀ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਕੁਮਾਰ ਪ੍ਰਧਾਨ,ਤਾਰਾ ਸਿੰਘ ਬੀਕਾ ਸੀਨੀਅਰ ਮੀਤ ਪ੍ਰਧਾਨ,ਰਤਨ ਸਿੰਘ ਵਿੱਤ ਸਕੱਤਰ ,ਕੁਲਦੀਪ ਸਿੰਘ ਕੌੜਾ ਮੁੱਖ ਸਲਾਹਕਾਰ, ਕਰਨੈਲ ਸਿੰਘ ਮਾਹਲਾਂ , ਸੰਤੋਖ ਸਿੰਘ ਸੰਗ ਢੇਸੀਆਂ ,ਵਿਨੋਦ ਕੁਮਾਰ, ਸ਼ਿਵ ਦਾਸ,ਪ੍ਰੇਮ ਨਾਥ,ਬਿਮਲਾ ਪੁੰਜ, ਕੁਸ਼ਲਿਆ, ਸੰਤੋਖ ਸਿੰਘ, ਸੁਨੀਤਾ, ਇੰਦਰਜੀਤ,ਜਮਨਾ, ਹਰਵਿੰਦਰ ਸਿੰਘ ਸਹੋਤਾ, ਹਰਜੀਤ ਸਿੰਘ ਆਦਿ। ਪੈਨਸ਼ਨਰ ਸਾਥੀ ਸ਼ਾਮਲ ਹੋਏ।

Leave a Reply

Your email address will not be published. Required fields are marked *