ਸੰਗਰੂਰ ਵਿਖੇ ਪੱਕੇ ਧਰਨੇ ਵਿੱਚ 13 ਤੋਂ 19 ਨਵੰਬਰ ਤੱਕ ਕਨਫੈਡਰੇਸ਼ਨ ਦੇ ਪੈਨਸ਼ਨਰ ਵੱਧ ਚੜ੍ਹ ਕੇ ਸ਼ਮੂਲੀਅਤ ਕਰਨਗੇ: ਧਨੋਆ

ਫ਼ਗਵਾੜਾ:11 ਨਵੰਬਰ( ਪਰਮਿੰਦਰ ਸਿੰਘ ) ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ(ਰਜਿ)ਦੇ ਸੂਬਾ ਪ੍ਰਧਾਨ ਕਰਮ ਸਿੰਘ ਧਨੋਆ, ਸਰਪ੍ਰਸਤ ਅਜੀਤ ਸਿੰਘ ਫ਼ਤਿਹ ਤੱਕ, ਵਰਕਿੰਗ ਪ੍ਰਧਾਨ ਪਿਆਰਾ ਸਿੰਘ, ਸਲਾਹਕਾਰ ਗੁਰਦੀਪ ਸਿੰਘ ਵਾਲੀਆ, ਮੁੱਖ ਬੁਲਾਰਾ ਰਾਜ ਕੁਮਾਰ ਅਰੋੜਾ, ਜਨਰਲ ਸਕੱਤਰ ਕੁਲਵਰਨ ਸਿੰਘ,ਵਿੱਤ ਸਕੱਤਰ ਮਦਨ ਲਾਲ ਮੰਨਣ ਅਤੇ ਸੂਬਾ ਪ੍ਰੈੱਸ ਸਕੱਤਰ ਕੁਲਦੀਪ ਸਿੰਘ ਕੌੜਾ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਪ੍ਰੈੱਸ ਨੂੰ ਜਾਣਕਾਰੀ ਦਿੱਤੀ ਕਿ 13 ਤੋਂ 19 ਨਵੰਬਰ ਤੱਕ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਜੱਦੀ ਸ਼ਹਿਰ ਸੰਗਰੂਰ ਵਿਖੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਸਾਂਝੀ ਤਾਲਮੇਲ ਕਮੇਟੀ ਪੰਜਾਬ ਵਲੋਂ ਲਗਾਏ ਜਾ ਰਹੇ ਪੱਕੇ ਧਰਨੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਕਨਫੈਡਰੇਸ਼ਨ ਵਲੋਂ ਪੰਜਾਬ ਭਰ ਵਿੱਚ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਪੱਕੇ ਧਰਨੇ ਵਿੱਚ ਜ਼ਿਲ੍ਹਾ ਵਾਰ ਸ਼ਮੂਲੀਅਤ ਕਰਨ ਦੀਆਂ ਮਿਤੀਆਂ ਅਨੁਸਾਰ ਸੰਬੰਧਿਤ ਜ਼ਿਲਿਆਂ ਦੇ ਪ੍ਰਧਾਨ ਅਤੇ ਜਨਰਲਾਂ ਸਕੱਤਰ ਨੂੰ ਸ਼ਮੂਲੀਅਤ ਕਰਨ ਲਈ ਕੋਟੇ ਲਗਾਉਂਦੇ ਹੋਏ, ਸ਼ਮੂਲੀਅਤ ਨੂੰ ਵੱਧ ਤੋਂ ਵੱਧ ਯਕੀਨੀਂ ਬਣਾਉਣ ਲਈ ਅਪੀਲ ਕੀਤੀ ਗਈ ਹੈ।ਹਰ ਜ਼ਿਲ੍ਹੇ ਦੇ ਆਗੂ ਨੂੰ ਸ਼ਮੂਲੀਅਤ ਕਰਨ ਵਾਲੇ ਪੈਨਸ਼ਨਰ ਸਾਥੀਆਂ ਦੀ ਲਿਸਟ ਵੀ ਮੁੱਖ ਬੁਲਾਰੇ ਰਾਜ ਕੁਮਾਰ ਅਰੋੜਾ ਨੂੰ ਦੇਣ ਦੀ ਅਪੀਲ ਵੀ ਕੀਤੀ ਗਈ ਹੈ। ਆਗੂਆਂ ਨੇ ਸਾਂਝੇ ਤੌਰ ‘ਤੇ ਬਿਆਨ ਜਾਰੀ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਵਾਰ ਵਾਰ ਦਿੱਤੇ ਜਾਂਦੇ ਬਿਆਨ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦੇ ਹੱਲ ਲਈ ਪੰਜਾਬ ਸਰਕਾਰ ਦੇ ਦਰਵਾਜ਼ੇ ਗੱਲਬਾਤ ਕਰਨ ਲਈ ਸਦਾ ਹੀ ਖੁੱਲ੍ਹੇ ਹਨ,ਦੀ ਤਿੱਖੀ ਨਿਖੇਧੀ ਕਰਦੇ ਹੋਏ ਕਿਹਾ ਕਿ ਜੇ ਪੰਜਾਬ ਸਰਕਾਰ ਦੇ ਦਰਵਾਜ਼ੇ ਗੱਲਬਾਤ ਲਈ ਸਦਾ ਹੀ ਖੁੱਲ੍ਹੇ ਹਨ ਤਾਂ ਮੁੱਖ ਮੰਤਰੀ ਪੰਜਾਬ ਸਪੱਸ਼ਟ ਕਰਨ ਕਿ ਸਾਂਝੀ ਤਾਲਮੇਲ ਕਮੇਟੀ ਪੰਜਾਬ ਦੇ ਆਗੂਆਂ ਨਾਲ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਕਰਦੇ ਹੋਏ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਲਈ ਆਨੇ ਬਹਾਨੇ ਵਾਰ ਵਾਰ ਮੀਟਿੰਗ ਦੀਆਂ ਮਿਤੀਆਂ ਦੇ ਕੇ ਗੱਲਬਾਤ ਕਰਨ ਤੋਂ ਪਾਸਾ ਕਿਉਂ ਵੱਟਿਆ ਜਾ ਰਿਹਾ ਹੈ। ਆਗੂਆਂ ਨੇ ਸਾਂਝੇ ਤੌਰ ਤੇ 253 ਅਧਿਆਪਕਾਂ ਨੂੰ ਟਰਮੀਨੇਟ ਕਰਕੇ, ਰੁਜ਼ਗਾਰ ਵਿਹੂਣੇ ਕਰਕੇ ਘਰਾਂ ਨੂੰ ਤੋਰਨ ਦੀ ਤਿੱਖੀ ਨਿਖੇਧੀ ਕਰਦੇ ਹੋਏ ਜ਼ੋਰਦਾਰ ਢੰਗ ਨਾਲ ਪੰਜਾਬ ਸਰਕਾਰ ਤੋਂ ਮੰਗ ਵੀ ਕੀਤੀ ਕਿ ਸਕੂਲਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਖ਼ਾਲੀ ਪਈਆਂ ਪੋਸਟਾਂ ਤੇ ਟਰਮੀਨੇਟ ਕੀਤੇ 253 ਅਧਿਆਪਕਾਂ ਦੀ ਐਡਜਸਟਮੈਂਟ ਕਰਦੇ ਹੋਏ ਉਨ੍ਹਾਂ ਨੂੰ ਤੁਰੰਤ ਇਨਸਾਫ਼ ਦਿੱਤਾ ਜਾਵੇ।

Leave a Reply

Your email address will not be published. Required fields are marked *