ਬਾਲ ਸਾਹਿਤ ਦੀ ਨੀਂਹ ਮਜ਼ਬੂਤ ਹੋਵੇਗੀ ਤਾਂ ਹੀ ਵਧੀਆ ਸਾਹਿਤ ਸਿਰਜਿਆ ਜਾਵੇਗਾ – ਸੁੱਖੀ ਬਾਠ
ਕਪੂਰਥਲਾ 05 ਮਈ (ਪਰਮਿੰਦਰ ਸਿੰਘ ) ਬਾਲ ਸਾਹਿਤਕਾਰਾਂ ਦੀ ਦੂਸਰੀ ਇੱਕ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਸਥਾਨਕ ਕੈਬਰਜ਼ ਇੰਟਰਨੈਸ਼ਨਲ ਸਕੂਲ ਵਿਖੇ ਸਫਲਤਾ ਪੂਰਵਕ ਸੰਪੰਨ ਹੋ ਗਈ। ਇਸ ਮੌਕੇ ‘ ਨਵੀਆਂ ਕਲਮਾਂ ਨਵੀਂ ਉਡਾਣ ‘ ਪ੍ਰੋਜੈਕਟ ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ , ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ , ਡਾ. ਪਰਵਿੰਦਰ ਸਿੰਘ ਪ੍ਰਧਾਨ ਵਿਸ਼ਵ ਸ਼ਾਂਤੀ ਸੰਸਥਾ (ਸੰਯੁਕਤ ਰਾਸ਼ਟਰ ਦੇ ਰਾਜਦੂਤ) ਅਤੇ ਡਾ. ਐਸ.ਪੀ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਮੁੱਖ ਮਹਿਮਾਨ ਅਤੇ ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ ਲੋਕ ਵਿਰਾਸਤ ਅਕੈਡਮੀ, ਸ. ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ , ਬਾਲ ਸਾਹਿਤਕਾਰ ਸ਼੍ਰੀ ਬਲਜਿੰਦਰ ਮਾਨ , ਕਮਲਜੀਤ ਨੀਲੂ, ਪ੍ਰਿੰਸੀਪਲ ਜੋਰਾਵਰ ਸਿੰਘ, ਸ਼੍ਰੀ ਅਸ਼ੋਕ ਮਹਿਰਾ , ਸੁਖਵਿੰਦਰ ਸਿੰਘ ਫੁੱਲ , ਬਲਵੰਤ ਸਿੰਘ ਜੋਗਾ , ਕੁਲਵੰਤ ਕਸਕ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋ ਕੇ ਹਾਜ਼ਰ ਬਾਲ ਲੇਖਕਾਂ ਦੀ ਹੌਸਲਾ ਅਫ਼ਜਾਈ ਕੀਤੀ। ਇਸ ਮੌਕੇ ਬੋਲਦਿਆਂ ਸ਼੍ਰੀ ਸੁੱਖੀ ਬਾਠ ਨੇ ਕਿਹਾ ਕਿ ਬਾਲ ਸਾਹਿਤਕਾਰ ਦੀ ਨੀਂਹ ਮਜ਼ਬੂਤ ਹੋਵੇਗੀ ਤਾਂ ਹੀ ਵਧੀਆ ਸਾਹਿਤ ਸਿਰਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ‘ਨਵੀਆਂ ਕਲਮਾਂ ਨਵੀਂ ਉਡਾਣ’ ਬਾਲ ਲੇਖਕਾਂ ਦੀਆਂ ਲਿਖਤਾਂ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾ ਯਤਨਸ਼ੀਲ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਵੱਲੋਂ ਨਵੀਆਂ ਕਲਮਾਂ ਨਵੀਂ ਉਡਾਣ ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ ਵੱਲੋਂ ਬਾਲ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਕਿ ਕਿਸੇ ਵਿਅਕਤੀ ਵੱਲੋਂ ਬਾਲ ਸਾਹਿਤ ਨੂੰ ਉਸ਼ਾਹਿਤ ਕਰਨ ਲਈ ਵੱਡੇ ਪੱਧਰ ਤੇ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਉਨ੍ਹਾਂ ਕਿਹਾ ਕਿ ਅਜਿਹੀਆਂ ਬਾਲ ਕਾਨਫਰੰਸਾਂ ਭਵਿੱਖ ਵਿੱਚ ਵੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਵਿਦਿਆਰਥੀਆਂ ਵਿੱਚ ਮੁੱਢ ਤੋਂ ਹੀ ਸਾਹਿਤ ਪ੍ਰਤੀ ਰੁਚੀ ਪੈਦਾ ਕੀਤੀ ਜਾ ਸਕੇ। ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਮਾਸੂਮੀਅਤ ਨਾਲ ਸਾਹਿਤ ਰਚਣ। ਉਨ੍ਹਾਂ ਕਿਹਾ ਕਿ ‘ਨਵੀਆਂ ਕਲਮਾਂ ਨਵੀਂ ਉਡਾਣ ਦੇ ਹੁੰਦਿਆਂ ਮਾਂ ਬੋਲੀ ਨੂੰ ਕੋਈ ਖ਼ਤਰਾ ਨਹੀਂ ਸਗੋਂ ਪੰਜਾਬੀ ਭਾਸ਼ਾਂ ਦਾ ਵਿਕਾਸ ਹੋ ਰਿਹਾ ਹੈ। ਜਿਕਰਯੋਗ ਹੈ ਕਿ ‘ ਨਵੀਆਂ ਕਲਮਾਂ ਨਵੀਂ ਉਡਾਣ ‘ ਪ੍ਰੋਜੈਕਟ ਤਹਿਤ ਪਹਿਲਾਂ ਵੀ 61 ਬਾਲ ਲੇਖਕਾਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਅੱਜ ਦੀ ਦੂਸਰੀ ਬਾਲ ਲੇਖਕ ਕਾਨਫਰੰਸ ਵਿੱਚ 19 ਪੁਸਤਕਾਂ ਦੀ ਘੁੰਡ ਚੁਕਾਈ ਕੀਤੀ ਗਈ ਹੈ। ਜਿਸ ਵਿੱਚ ਪਾਕਿਸਤਾਨ ਦੀਆਂ 5 , ਇੰਗਲੈਡ ਅਤੇ ਫਰਾਂਸ ਦੇ ਬਾਲ ਲੇਖਕਾਂ ਦੀ ਇੱਕ-ਇੱਕ ਪੁਸਤਕ ਸ਼ਾਮਲ ਹੈ। ਜ਼ਿਲ੍ਹਾ ਬਠਿੰਡਾ -1 ਦੇ ਵਿਦਿਆਰਥੀਆਂ ਟੀਮ ਵੱਲੋਂ ‘ ਸਰਹੱਦਾਂ ਹੋਰ ਵੀ ਨੇ ‘ ਨਾਟਕ ਦੀ ਸਫ਼ਲ ਪੇਸ਼ਕਾਰੀ ਕੀਤੀ। ਇਸ ਮੌਕੇ ਉਨ੍ਹਾਂ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਕਮੇਟੀ ਦਾ ਇਸ ਬਾਲ ਕਾਨਫਰੰਸ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ। ਬਾਲ ਸਾਹਿਤ ਲੇਖਕ ਡਾ ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਸੁੱਖੀ ਬਾਠ ਵਰਗੀਆਂ ਸਖਸ਼ੀਅਤਾਂ ਦੀ ਹਿੰਮਤ ਸਦਕਾ ਪੰਜਾਬੀ ਬੋਲੀ ਸੁਰੱਖਿਅਤ ਹੈ। ਪ੍ਰਾਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਵੱਲੋਂ ‘ਨਵੀਆਂ ਕਲਮਾਂ ਨਵੀਂ ਉਡਾਣ ‘ ਤਹਿਤ ਵਿਦਿਆਰਥੀਆਂ ਨੂੰ ਸਾਹਿਤ ਪ੍ਰਤੀ ਪ੍ਰੇਰਿਤ ਕਰਨ ਲਈ ਕੀਤੇ ਜਾ ਕਾਰਜਾਂ ਸਬੰਧੀ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ। ਇਸ ਮੌਕੇ ਗੁਰਵਿੰਦਰ ਸਿੰਘ ਕਾਂਗੜ ਸੀਨੀ ਸਹਿ ਪ੍ਰੋਜੈਕਟ ਇੰਚਾਰਜ, ਗੁਰਵਿੰਦਰ ਸਿੰਘ ਸਿੱਧੂ ਪ੍ਰੋਜੈਕਟ ਜਨਰਲ ਸਕੱਤਰ, ਸਤੀਸ਼ ਜੋੜਾ ਮੀਡੀਆ ਸਲਾਹਕਾਰ ਪੰਜਾਬ ਭਵਨ ਸਰੀ ਕੈਨੇਡਾ, ਬਲਜੀਤ ਸ਼ਰਮਾਂ ਖਚਾਨਚੀ , ਭੀਮ ਸਿੰਘ ਇੰਟਰਨੈਸ਼ਲ ਕੋਆਰਡੀਨੇਟਰ ਆਨਲਾਈਨ ਟ੍ਰੇਨਿੰਗ, ਗਗਨਦੀਪ ਸਿੰਘ ਗੁਰਦਾਸਪੁਰ, ਸਤਿੰਦਰ ਕੌਰ ਕਾਹਲੋਂ ਜ਼ਿਲ੍ਹਾ ਪ੍ਰਧਾਨ, ਬਲਜੀਤ ਸਿੰਘ ਸੇਖਾ, ਸ਼ਸ਼ੀ ਬਾਲਾ,ਅਵਤਾਰ ਸਿੰਘ ਚੋਟੀਆਂ ਜ਼ਿਲ੍ਹਾ ਪ੍ਰਧਾਨ ਸੰਗਰੂਰ, ਮਾ.ਲਖਵਿੰਦਰ ਸਿੰਘ ਮਾਲੇਰਕੋਟਲਾ , ਡਾ.ਸੁਖਪਾਲ ਕੌਰ ਸਮਰਾਲਾ, ਰਜਨੀ ਵਾਲੀਆ ਕਪੂਰਥਲਾ ,ਸਾਹਿਬਾ ਜੀਟਨ ਕੌਰ,ਹਰਸਿਮਰਨ ਮੌਂਟੀ ਮੋਗਾ, ਡਾ.ਨਿਰਮਲਜੀਤ ਕੌਰ ,ਰਸਵਿੰਦਰ ਕੌਰ ,ਸਰਬਜੀਤ ਕੌਰ , ਡਾ.ਸੁਖਪਾਲ ਸਿੰਘ ਸਿੱਧੂ ਆਦਿ ਹਾਜ਼ਰ ਸਨ। ਮੰਚ ਸੰਚਾਲਨ ਵਿਦਿਆਰਥੀਆਂ ਵੱਲੋਂ ਬਾਖੂਬੀ ਨਿਭਾਇਆ ਗਿਆ। ਮੀਡੀਆ ਸਲਾਹਕਾਰ ਰਜਨੀ ਵਾਲੀਆ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਤੱਕ ਸੁੱਖੀ ਬਾਠ ਵਰਗੇ ਸਾਹਿਤ ਨਾਲ਼ ਪਿਆਰ ਕਰਨ ਵਾਲੇ ਲੋਕ ਪੰਜਾਬ ਦੀ ਧਰਤੀ ਤੇ ਪੈਦਾ ਹੁੰਦੇ ਰਹਿਣਗੇ ਓਦੋ ਤੱਕ ਪੰਜਾਬੀ ਮਾਂ ਬੋਲੀ ਨੂੰ ਕੋਈ ਖ਼ਤਰਾ ਪੈਦਾ ਹੋ ਹੀ ਨਹੀਂ ਸਕਦਾ ।
