ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਵੱਲੋਂ ਗਣਤੰਤਰ ਦਿਵਸ ਮੌਕੇ ਰੋਸ ਪੱਤਰ ਭੇਜਣ ਦਾ ਫੈਸਲਾ

ਮੇਹਟਿਆਣਾ (ਜਗਤਾਰ ਸਿੰਘ ਭੂੰਗਰਨੀ )- ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਸੂਬਾ ਕਨਵੀਨਰ ਗੁਰਜੰਟ ਸਿੰਘ ਕੋਕਰੀ ਅਤੇ ਹੋਰ ਆਗੂਆਂ ਦੀ ਅਗਵਾਈ ਹੇਠ ਮੋਗਾ ਵਿਖੇ ਇਕ ਅਹਿਮ ਮੀਟਿੰਗ ਹੋਈ। ਇਸ ਦੌਰਾਨ ਮੁਲਾਜ਼ਮ ਆਗੂਆਂ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ ਯੂਨੀਅਨ ਬ੍ਰਾਂਚ ਜਲੰਧਰ ਦੇ ਜਨਰਲ ਸਕੱਤਰ ਰਣਜੀਤ ਸਿੰਘ ਅਤੇ ਜਾਇੰਟ ਸਕੱਤਰ ਪਰਮਜੀਤ ਸਿੰਘ ਨਡਾਲੋ ਨੇ ਭਗਵੰਤ ਮਾਨ ਸਰਕਾਰ ‘ਤੇ ਵਾਅਦਾ ਖਿਲਾਫੀ ਦਾ ਦੋਸ਼ ਲਾਉਂਦਿਆਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ‘ਚ ਕੀਤੀ ਜਾ ਰਹੀ ਟਾਲ-ਮਟੋਲ ਦੀ ਨੀਤੀ ਵਿਰੁੱਧ ਪਿੱਟ-ਸਿਆਪਾ ਕੀਤਾ। ਰੋਸ ਵਜੋਂ ਫੈਸਲਾ ਲਿਆ ਗਿਆ ਕਿ ਗਣਤੰਤਰ ਦਿਵਸ ਮੌਕੇ ਸਾਰੇ ਜ਼ਿਲਿਆਂ ਵਿੱਚੋਂ ਸਰਕਾਰ ਦੇ ਨਾਮ ਰੋਸ ਪੱਤਰ ਭੇਜੇ ਜਾਣਗੇ। ਆਗੂਆਂ ਨੇ ਕਿਹਾ ਕਿ ‘ਆਪ’ ਸਰਕਾਰ ਨੇ ਚੋਣਾਂ ਤੋਂ ਪਹਿਲਾਂ 2 ਲੱਖ ਐੱਨ.ਪੀ.ਐੱਸ. ਮੁਲਾਜ਼ਮਾਂ ਨਾਲ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਵਾਅਦਾ ਕੀਤਾ ਸੀ, ਪਰ ਚਾਰ ਸਾਲ ਬੀਤ ਜਾਣ ‘ਤੇ ਵੀ ਇਕ ਵੀ ਮੁਲਾਜ਼ਮ ਦਾ ਜੀ.ਪੀ.ਐੱਫ. ਖਾਤਾ ਨਹੀਂ ਖੋਲ੍ਹਿਆ ਗਿਆ।ਜਦਕਿ ਹਿਮਾਚਲ ਅਤੇ ਰਾਜਸਥਾਨ ਵਰਗੇ ਸੂਬੇ ਇਸ ਨੂੰ ਲਾਗੂ ਕਰ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੂਜੇ ਰਾਜਾਂ ‘ਚ ਜਾ ਕੇ ਤਾਂ ਇਸ ਦਾ ਪ੍ਰਚਾਰ ਕਰਦੀ ਹੈ, ਪਰ ਪੰਜਾਬ ਦੇ ਮੁਲਾਜ਼ਮਾਂ ਨਾਲ ਬੇਈਮਾਨੀ ਕਰ ਰਹੀ ਹੈ। ਮੋਰਚੇ ਨੇ ਕੇਂਦਰ ਦੀ‘ਯੂਨੀਫਾਈਡ ਪੈਨਸ਼ਨ ਸਕੀਮ’ ਨੂੰ ਰੱਦ ਕਰਦਿਆਂ ਮੰਗ ਕੀਤੀ ਕਿ 1972 ਦੇ ਨਿਯਮਾਂ ਅਨੁਸਾਰ ਹੀ ਪੈਨਸ਼ਨ ਲਾਗੂ ਕੀਤੀ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੱਲ ਨਾ ਨਿਕਲਿਆ ਤਾਂ ਸਬੇ ਭਰ ‘ਚ ਤਿੱਖਾ ਸੰਘਰਸ਼ ਅਤੇ ਮੁਜ਼ਾਹਰੇ ਕੀਤੇ ਜਾਣਗੇ। ਇਸ ਮੌਕੇ ਰਣਜੀਤ ਸਿੰਘ, ਪਰਮਜੀਤ ਸਿੰਘ,ਸੁਖਮਿੰਦਰ ਸਿੰਘ ਜੋਗਾ ਸਿੰਘ ਅਤੇ ਹੋਰ ਕਈ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *