ਰਾਹੋਂ ‘ਚ ਹੜਕੰਪ — ਬੱਸ ਸਟੈਂਡ ਨੇੜੇ ਭਾਰੀ ਟਿੱਪਰ ਉਲਟਿਆ, ਜਾਨੀ ਨੁਕਸਾਨ

ਨਵਾਂਸ਼ਹਿਰ ਰਾਹੋਂ 05 ਮਈ (ਕੁਲਵਿੰਦਰ ਸਿੰਘ ਰਾਹੋਂ): ਰਾਹੋਂ ਬੱਸ ਸਟੈਂਡ ਨੇੜੇ ਦੇਰ ਰਾਤ ਇੱਕ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ, ਜਿੱਥੇ ਬਜਰੀ ਨਾਲ ਠੱਸ ਭਰਿਆ ਭਾਰੀ ਟਿੱਪਰ ਤਿੱਖੇ ਮੋੜ ‘ਤੇ ਬੇਕਾਬੂ ਹੋ ਕੇ ਸੜਕ ਕਿਨਾਰੇ ਪਲਟ ਗਿਆ। ਟੱਕਰ ਦੀ ਜ਼ੋਰਦਾਰ ਆਵਾਜ਼ ਨਾਲ ਇਲਾਕਾ ਗੂੰਜ ਉਠਿਆ ਅਤੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ।ਮਿਲੀ ਜਾਣਕਾਰੀ ਮੁਤਾਬਕ ਟਿੱਪਰ ਹਿਮਾਚਲ ਪ੍ਰਦੇਸ਼ ਤੋਂ ਬਜਰੀ ਲੈ ਕੇ ਲੁਧਿਆਣਾ ਵੱਲ ਜਾ ਰਿਹਾ ਸੀ। ਜਿਵੇਂ ਹੀ ਇਹ ਵਾਹਨ ਰਾਹੋਂ ਬੱਸ ਸਟੈਂਡ ਦੇ ਖਤਰਨਾਕ ਮੋੜ ‘ਤੇ ਪਹੁੰਚਿਆ, ਡਰਾਈਵਰ ਦਾ ਸੰਤੁਲਨ ਬਿਗੜ ਗਿਆ ਅਤੇ ਟਿੱਪਰ ਧੜਾਮ ਨਾਲ ਪਲਟ ਗਿਆ। ਟਿੱਪਰ ਦਾ ਨੰਬਰ ਪੀ.ਬੀ.10 ਐਫ.ਐਚ 4242 ਦੱਸਿਆ ਜਾ ਰਿਹਾ ਹੈ, ਜਿਸਨੂੰ ਮੁਕੇਸ਼ ਕੁਮਾਰ ਵਾਸੀ ਲੁਧਿਆਣਾ ਚਲਾ ਰਿਹਾ ਸੀ।ਇਹ ਹਾਦਸਾ ਜਿੰਨਾ ਭਿਆਨਕ ਸੀ, ਉਨਾ ਹੀ ਖੁਸ਼ਕਿਸਮਤੀ ਵਾਲਾ ਵੀ ਰਿਹਾ, ਕਿਉਂਕਿ ਕਿਸੇ ਵੀ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ। ਜੇਕਰ ਇਹ ਘਟਨਾ ਦਿਨ ਦੇ ਭੀੜ-ਭਾੜ ਵਾਲੇ ਸਮੇਂ ਵਿੱਚ ਵਾਪਰਦੀ, ਤਾਂ ਬੱਸ ਸਟੈਂਡ ਨੇੜੇ ਦਰਜਨਾਂ ਲੋਕਾਂ ਦੀ ਜ਼ਿੰਦਗੀ ਖ਼ਤਰੇ ‘ਚ ਪੈ ਸਕਦੀ ਸੀ।ਸਥਾਨਕ ਦੁਕਾਨਦਾਰਾਂ ਅਤੇ ਰਹਿਣ ਵਾਲਿਆਂ ਨੇ ਦੱਸਿਆ ਕਿ ਇਸ ਥਾਂ ‘ਤੇ ਪਹਿਲਾਂ ਵੀ ਕਈ ਵਾਰ ਟਿੱਪਰ ਪਲਟਣ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ, ਪਰ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ। ਲੋਕਾਂ ਨੇ ਗੁੱਸਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਹ ਮੋੜ “ਮੌਤ ਦਾ ਮੋੜ” ਬਣ ਚੁੱਕਾ ਹੈ।ਲੋਕਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਮੰਗ ਕੀਤੀ ਹੈ ਕਿ ਇਸ ਖਤਰਨਾਕ ਸਥਾਨ ‘ਤੇ ਸਪੀਡ ਬ੍ਰੇਕਰ, ਰਿਫਲੈਕਟਰ, ਚੇਤਾਵਨੀ ਬੋਰਡ ਅਤੇ ਟ੍ਰੈਫਿਕ ਕੰਟਰੋਲ ਦੇ ਢੁੱਕਵੇਂ ਇੰਤਜ਼ਾਮ ਕੀਤੇ ਜਾਣ, ਤਾਂ ਜੋ ਭਵਿੱਖ ਵਿੱਚ ਕੋਈ ਵੱਡਾ ਹਾਦਸਾ ਨਾ ਵਾਪਰੇ।

Leave a Reply

Your email address will not be published. Required fields are marked *