ਆਲ ਇੰਡੀਆ ਕਿਸਾਨ ਮਹਾਂਸਭਾ ਦੀ ਕੌਮੀ ਕਾਨਫਰੰਸ ਤੇ ਰੈਲੀ ਦੀਆਂ ਤਿਆਰੀਆਂ ਮੁਕੰਮਲ

ਰੈਲੀ ਨੂੰ ਕਾਮਰੇਡ ਭੱਟਾਚਾਰੀਆ, ਕਾਮਰੇਡ ਪਾਸਲਾ ਸਮੇਤ ਚਰਚਿਤ ਵਿਦਿਆਰਥੀ ਆਗੂ ਨੇਹਾ ਬੋਰਾ ਅਤੇ ਦੇਸ਼ ਦੇ ਪ੍ਰਮੁੱਖ ਕਿਸਾਨ-ਮਜ਼ਦੂਰ ਆਗੂ ਸੰਬੋਧਨ ਕਰਨਗੇ

ਜਲੰਧਰ: 19 ਸਤੰਬਰ( ਪਰਮਿੰਦਰ ਸਿੰਘ ) ਕੱਲ੍ਹ ਤੇ ਪਰਸੋਂ ਜਲੰਧਰ ਵਿਖੇ ਹੋਣ ਵਾਲੀ ਵਿਸ਼ਾਲ ਕਿਸਾਨ-ਮਜ਼ਦੂਰ ਏਕਤਾ ਰੈਲੀ ਅਤੇ ‘ਆਲ ਇੰਡੀਆ ਕਿਸਾਨ ਮਹਾਸਭਾ’ ਦੀ ਪੰਜਵੀਂ ਕੌਮੀ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਵੱਖ-ਵੱਖ ਸੂਬਿਆਂ ਤੋਂ ਕਿਸਾਨ ਆਗੂ ਤੇ ਡੈਲੀਗੇਟ ਜਲੰਧਰ ਪਹੁੰਚਣੇ ਸ਼ੁਰੂ ਹੋ ਗਏ ਹਨ। ਕਾਨਫਰੰਸ ਲਈ ਦੇਸ਼ ਭਗਤ ਯਾਦਗਾਰ ਜਲੰਧਰ ਦੇ ਸਮੁੱਚੇ ਕੰਪਲੈਕਸ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਹੈ। ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਗੁਰਨਾਮ ਸਿੰਘ ਭੀਖੀ ਨੇ ਮੀਡੀਆ ਨੂੰ ਦਸਿਆ ਹੈ ਕਿ ਕਾਨਫਰੰਸ ‘ਚ ਵੀਹ ਸੂਬਿਆਂ ਦੇ ਕਰੀਬ ਇਕ ਹਜ਼ਾਰ ਕਿਸਾਨ ਪ੍ਰਤੀਨਿਧ ਸ਼ਾਮਲ ਹੋਣਗੇ, ਜਿੰਨਾਂ ‘ਚ ਲੋਕ ਸਭਾ ਹਲਕਾ ਆਰਾ ਤੋਂ ਐਮਪੀ ਕਾਮਰੇਡ ਸੁਦਾਮਾ ਪ੍ਰਸ਼ਾਦ ਤੇ ਕੁਝ ਵਿਧਾਇਕ ਵੀ ਸ਼ਾਮਲ ਹਨ। ਕੱਲ੍ਹ ਹੋਣ ਵਾਲੀ ਵਿਸ਼ਾਲ ਕਿਸਾਨ-ਮਜ਼ਦੂਰ ਰੈਲੀ ਨੂੰ ਸੀਪੀਆਈ (ਐਮ.ਐਲ.) ਲਿਬ੍ਰੇਸ਼ਨ ਦੇ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ, ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ‘ਆਲ ਇੰਡੀਆ ਕਿਸਾਨ ਮਹਾਸਭਾ’ ਦੇ ਜਨਰਲ ਸਕੱਤਰ ਅਤੇ ਕਾਰਾਕਾਟ, ਬਿਹਾਰ ਤੋਂ ਲੋਕ ਸਭਾ ਮੈਂਬਰ ਕਾਮਰੇਡ ਰਾਜਾ ਰਾਮ ਸਿੰਘ ਤੇ ਡਾਕਟਰ ਸਤਨਾਮ ਸਿੰਘ ਅਜਨਾਲਾ, ਉੱਘੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਦਿਹਾਤੀ ਮਜ਼ਦੂਰ ਸਭਾ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂਆਂ ਤੋਂ ਇਲਾਵਾ ਜ਼ੇਨ ਜੀ ਅੰਦੋਲਨ ਦੀ ਚਰਚਿਤ ਆਗੂ ਆਇਸਾ ਦੀ ਕੌਮੀ ਪ੍ਰਧਾਨ ਕਾਮਰੇਡ ਨੇਹਾ ਬੋਰਾ ਅਤੇ ਜੰਤਰ ਮੰਤਰ ਅੰਦੋਲਨ ਦੌਰਾਨ ਲੰਬੀ ਭੁੱਖ ਹੜਤਾਲ ਕਰਨ ਵਾਲੇ ਅੰਬੇਦਕਰ ਯੂਨੀਵਰਸਿਟੀ ਦਿੱਲੀ ਦੇ ਵਿਦਿਆਰਥੀ ਆਗੂ ਆਮੀਨ ਅਮਿਤੋਜ ਵੀ ਸੰਬੋਧਨ ਕਰਨਗੇ। ਰੈਲੀ ‘ਚ ਬੁਲਾਰੇ ਮਜ਼ਦੂਰਾਂ ਕਿਸਾਨਾਂ ਦੀਆਂ ਅਹਿਮ ਮੰਗਾਂ ਉਭਾਰਨ ਦੇ ਨਾਲ-ਨਾਲ ਕੇਂਦਰ ਦੀ ਮੋਦੀ ਸਰਕਾਰ ਦੀਆਂ ਫਿਰਕੂ-ਫਾਸ਼ੀ ਕਾਰਪੋਰੇਟ ਪ੍ਰਸਤ ਦੇਸ਼ ਵਿਰੋਧੀ ਨੀਤੀਆਂ ਅਤੇ ਆਪ ਦੀ ਪੰਜਾਬ ਸਰਕਾਰ ਵਲੋਂ ਅਖਤਿਆਰ ਕੀਤੀਆਂ ਲੋਕ ਲੁਭਾਊ ਨੀਤੀਆਂ ਕਾਰਨ ਪੰਜਾਬ ਨੂੰ ਵਿਕਸਤ ਕਰਨ ਦੇ ਦਾਅਵਿਆਂ ਤੋਂ ਉਲਟ ਬੁਰੀ ਤਰ੍ਹਾਂ ਕਰਜ਼ਈ ਸੂਬਾ ਬਣਾ ਦੇਣ ਬਾਰੇ ਵੀ ਚਾਨਣਾ ਪਾਉਣਗੇ। ਬਿਆਨ ‘ਚ ਕਿਹਾ ਗਿਆ ਹੈ ਕਿ ਜੇਤੂ ਦਿੱਲੀ ਕਿਸਾਨ ਮੋਰਚੇ ਤੋਂ ਮਗਰੋਂ ਧੜੇਬੰਦੀ ਤੇ ਨਿੱਜੀ ਸੁਆਰਥਾਂ ਕਾਰਨ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਿੱਚ ਸ਼ੁਰੂ ਹੋਈ ਟੁੱਟ-ਭੱਜ ਕੇ ਰੁਝਾਨ ਦੇ ਉਲਟ ਦਿੱਲੀ ਤੇ ਚੰਡੀਗੜ੍ਹ ਦੇ ਮੋਰਚੇ ‘ਚ ਉੱਘਾ ਯੋਗਦਾਨ ਪਾਉਣ ਵਾਲੀਆਂ ਸੂਬੇ ਦੀਆਂ ਦੋ ਪ੍ਰਮੁੱਖ ਕਿਸਾਨ ਜਥੇਬੰਦੀਆਂ ਇਕਜੁੱਟ ਹੋ ਕੇ ਏਕਤਾ ਦਾ ਅਮਲ ਸ਼ੁਰੂ ਕਰ ਰਹੀਆਂ ਹਨ। ਏਕਤਾ ਦੇ ਇਸੇ ਉਤਸ਼ਾਹ ਸਦਕਾ ਕੱਲ੍ਹ ਦੀ ਰੈਲੀ ਇਤਿਹਾਸਕ ਹੋਵੇਗੀ ਤੇ ਇਸ ਮੌਕੇ ਸੰਘਰਸ਼ ਨੂੰ ਤੇਜ਼ ਅਤੇ ਮਜ਼ਬੂਤ ਕਰਨ ਲਈ ਬੜੇ ਅਹਿਮ ਫੈਸਲੇ ਵੀ ਕੀਤੇ ਜਾਣਗੇ।

Leave a Reply

Your email address will not be published. Required fields are marked *