ਕਮਲਜੀਤ ਸਿੰਘ ਰਾਣਾ ਨੇ ਸਾਥੀਆਂ ਸਮੇਤ ਕੀਤੇ ਸ੍ਰੀ ਗਣੇਸ਼ ਜੀ ਦੇ ਦਰਸ਼ਨ
ਨਵਾਂਸ਼ਹਿਰ, ਰਾਹੋਂ 19 ਸਤੰਬਰ ( ਕੁਲਵਿੰਦਰ ਸਿੰਘ ਰਾਹੋਂ) ਨਵਾਂਸ਼ਹਿਰ ਦੀ ਟੀਚਰ ਕਾਲੋਨੀ ਵਿਖੇ ਕਰਵਾਏ ਗਏ ਸਾਲਾਨਾ ਸ੍ਰੀ ਗਣੇਸ਼ ਉਤਸਵ ਵਿੱਚ ਸ਼ਰਧਾਲੂਆਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਪੂਰਾ ਮਾਹੌਲ ਭਗਤੀ ਅਤੇ ਸ਼ਰਧਾ ਨਾਲ ਭਰਪੂਰ ਰਿਹਾ ਅਤੇ ਸ੍ਰੀ ਗਣੇਸ਼ ਜੀ ਦੇ ਜੈਕਾਰਿਆਂ ਨਾਲ ਟੀਚਰ ਕਾਲੋਨੀ ਗੂੰਜ ਉੱਠੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ੍ਰੀ ਕਮਲਜੀਤ ਸਿੰਘ ਰਾਣਾ ਜੀ ਨੇ ਆਪਣੇ ਸਾਥੀਆਂ ਸਮੇਤ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਸ੍ਰੀ ਗਣੇਸ਼ ਜੀ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਨੇ ਭਗਵਾਨ ਸ੍ਰੀ ਗਣੇਸ਼ ਜੀ ਅੱਗੇ ਸਮੂਹ ਇਲਾਕਾ ਨਿਵਾਸੀਆਂ ਅਤੇ ਸੰਗਤ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਸਮ੍ਰਿੱਧੀ ਲਈ ਅਰਦਾਸ ਕੀਤੀ। ਸ੍ਰੀ ਕਮਲਜੀਤ ਸਿੰਘ ਰਾਣਾ ਨੇ ਕਿਹਾ ਕਿ ਸਾਡੇ ਧਾਰਮਿਕ ਅਤੇ ਸੱਭਿਆਚਾਰਕ ਤਿਉਹਾਰ ਸਮਾਜ ਵਿੱਚ ਆਪਸੀ ਭਾਈਚਾਰੇ, ਸਦਭਾਵਨਾ ਅਤੇ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਅਜਿਹੇ ਸਮਾਗਮ ਸਾਨੂੰ ਆਪਣੀਆਂ ਧਾਰਮਿਕ ਅਤੇ ਸੱਭਿਆਚਾਰਕ ਪਰੰਪਰਾਵਾਂ ਨਾਲ ਜੋੜਨ ਦੇ ਨਾਲ-ਨਾਲ ਮਿਲਜੁਲ ਕੇ ਰਹਿਣ ਦਾ ਸੰਦੇਸ਼ ਵੀ ਦਿੰਦੇ ਹਨ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸ੍ਰੀ ਕਮਲਜੀਤ ਸਿੰਘ ਰਾਣਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਸ਼ਰਧਾਲੂਆਂ ਨੇ ਭਗਤੀ ਭਾਵਨਾ ਨਾਲ ਪੂਜਾ-ਅਰਚਨਾ ਵਿੱਚ ਭਾਗ ਲਿਆ।
