ਇਫਟੂ ਨੇ ਨਵਾਂਸ਼ਹਿਰ ਅਤੇ ਸੋਇਤਾ ਵਿਖੇ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ

ਨਵਾਂਸ਼ਹਿਰ ਰਾਹੋਂ 10 ਜਨਵਰੀ (ਕੁਲਵਿੰਦਰ ਸਿੰਘ ਰਾਹੋਂ ) ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼( ਇਫਟੂ) ਵਲੋਂ ਅੱਜ ਨਵਾਂਸ਼ਹਿਰ ਦੇ ਬਾਰਾਦਰੀ ਬਾਗ਼ ਅੱਗੇ ਅਤੇ ਪਿੰਡ ਸੋਇਤਾ ਦੇ ਭੱਠੇ ਉੱਤੇ ਚਾਰ ਲੇਬਰ ਕੋਡ ਅਤੇ ਬਿਜਲੀ ਸੋਧ ਬਿੱਲ 2025 ਦੀਆਂ ਕਾਪੀਆਂ ਸਾੜੀਆਂ ਗਈਆਂ। ਇਹਨਾਂ ਮੌਕਿਆਂ ਉੱਤੇ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੂਬਾ ਸਕੱਤਰ ਅਵਤਾਰ ਸਿੰਘ ਤਾਰੀ,ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ, ਜਿਲਾ ਪ੍ਰਧਾਨ ਗੁਰਦਿਆਲ ਰੱਕੜ, ਜਿਲਾ ਸਕੱਤਰ ਪਰਵੀਨ ਕੁਮਾਰ ਨਿਰਾਲਾ, ਰੇਹੜੀ ਵਰਕਰ ਯੂਨੀਅਨ ਦੇ ਪ੍ਰਧਾਨ ਹਰੇ ਰਾਮ, ਚੇਅਰਮੈਨ ਹਰੀ ਲਾਲ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਚਾਰ ਲੇਬਰ ਕੋਡ ਦੇਸ਼ ਦੇ ਮਜ਼ਦੂਰ ਵਰਗ ਉੱਤੇ ਬਹੁਤ ਵੱਡਾ ਹਮਲਾ ਹੈ।ਇਹ ਮਜ਼ਦੂਰ ਜਮਾਤ ਕੋਲੋਂ ਉਸਦੇ ਮੁੱਢਲੇ ਅਧਿਕਾਰ ਖੋਹ ਲੈਂਦੇ ਹਨ ਜੋ ਮਜ਼ਦੂਰਾਂ ਨੇ ਦਹਾਕਿਆਂ ਤੱਕ ਸੰਘਰਸ਼ ਕਰਕੇ ਅਤੇ ਅਣਗਿਣਤ ਕੁਰਬਾਨੀਆਂ ਕਰਕੇ ਪ੍ਰਾਪਤ ਕੀਤੇ ਸਨ। ਇਹ ਮਜ਼ਦੂਰ ਜਮਾਤ ਕੋਲੋਂ ਉਸਦਾ ਯੂਨੀਅਨ ਬਣਾਉਣ ਦਾ ਹੱਕ, ਹੜਤਾਲ ਕਾਰਨ ਦਾ ਹੱਕ ਖੋਹਦੇਂ ਹਨ, ਰੁਜ਼ਗਾਰ ਸੁਰੱਖਿਆ ਉੱਤੇ ਹੱਲਾ ਬੋਲਦੇ ਹਨ।ਇਹ ਪੱਕੀਆਂ ਨੌਕਰੀਆਂ ਨੂੰ ਖ਼ਤਮ ਕਰਦੇ ਹਨ, ਕੰਮ ਸਮਾਂ ਦਿਹਾੜੀ ਅੱਠ ਘੰਟੇ ਤੋਂ ਵਧਾਕੇ 12 ਘੰਟੇ ਕਰਦੇ ਹਨ।ਇਹਨਾ ਨਾਲ ਕਿਰਤ ਵਿਭਾਗ ਦੇ ਅਧਿਕਾਰੀ ਸਿਰਫ਼ ਸਲਾਹਕਾਰ ਬਣਕੇ ਰਹਿ ਜਾਣਗੇ ਜਿਸਦਾ ਮਾਲਕਾਂ ਨੂੰ ਲਾਭ ਹੋਵੇਗਾ ਅਤੇ ਮਜਦੂਰਾਂ ਨੂੰ ਨੁਕਸਾਨ। ਆਗੂਆਂ ਨੇ ਕਿਹਾ ਕਿ ਇਹ ਕੋਡ ਕਾਰਪੋਰੇਟਰਾਂ ਵਲੋਂ ਮਜਦੂਰਾਂ ਦੀ ਮਿਹਨਤ ਸ਼ਕਤੀ ਦੀ ਬੇਕਿਰਕ ਲੁੱਟ ਕਰਨ ਲਈ ਲਿਆਂਦੇ ਗਏ ਹਨ। ਆਗੂਆਂ ਨੇ ਲੋਕਾਂ ਨੂੰ ਇਹਨਾਂ ਕੋਡਾਂ ਦਾ ਤਿੱਖਾ ਵਿਰੋਧ ਕਰਨ ਦਾ ਸੱਦਾ ਦਿੱਤਾ।ਇਸ ਮੌਕੇ ਸਰਵੇਸ਼ ਗੁਪਤਾ, ਘਨਈਆ ਕੁਮਾਰ,ਸੁਰੇਸ਼,ਬੀਰ ਸਿੰਘ, ਚਮਨ ਲਾਲ,ਸ਼ਿਵ ਕੁਮਾਰ, ਰੋਸ਼ਨੀ, ਬਬੀਤਾ ਅਤੇ ਰੇਸ਼ਮਾ ਵੀ ਮੌਜੂਦ ਸਨ।

Leave a Reply

Your email address will not be published. Required fields are marked *