ਕੜਾਕੇ ਦੀ ਠੰਢ ਜੋ਼ਰਾ ਤੇ ਪ੍ਰਾਇਮਰੀ ਅਤੇ ਪ੍ਰੀ -ਪ੍ਰਾਇਮਰੀ ਦੇ ਵਿੱਦਿਆਰਥੀ ਉਡੀਕ ਰਹੇ ਹਨ ਸਕੂਲੀ ਵਰਦੀ – ਜੀ.ਟੀ.ਯੂ

ਸੈਸ਼ਨ ਦੇ ਨੌ ਮਹੀਨੇ ਬੀਤਣ ਤੇ ਹੈ ਪਰ ਵਿੱਦਿਆਰਥੀਆਂ ਨੂੰ ਨਹੀਂ ਨਸੀਬ ਹੋਈ ਸਕੂਲ ਦੀ ਵਰਦੀ:- ਗਣੇਸ਼ ਭਗਤ

ਕਪੂਰਥਲਾ 22 ਦਸੰਬਰ (ਪਰਮਿੰਦਰ ਸਿੰਘ ) :- ਪੰਜਾਬ ਦੀ ਭਗਵੰਤ ਮਾਨ ਸਰਕਾਰ ਸਿੱਖਿਆ ਕ੍ਰਾਂਤੀ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਇਸ ਸਮੇਂ ਪੰਜਾਬ ਭਰ ਵਿੱਚ ਕੜਾਕੇ ਦੀ ਠੰਢ ਪੂਰੇ ਜੋਬਨ ਤੇ ਹੈ। ਨਾ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਨਾਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਕੂਲਾਂ ਵਿੱਚ ਸੈਸ਼ਨ ਦੇ ਨੌ ਮਹੀਨੇ ਖ਼ਤਮ ਹੋ ਜਾਣ ਮਗਰੋਂ ਵੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਵਰਦੀਆਂ ਮੁਹੱਈਆ ਨਹੀਂ ਕਰਾ ਸਕੀ । ਇਸ ਗੱਲ ਪ੍ਰਗਟਾਵਾ ਕਰਦੇ ਹੋਏ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਹਾਇਕ ਪ੍ਰੈਸ ਸਕੱਤਰ ਗਣੇਸ਼ ਭਗਤ ਅਤੇ ਮੀਤ ਪ੍ਰਧਾਨ ਰਛਪਾਲ ਸਿੰਘ ਵੜੈਚ ਅਤੇ ਬਲਾਕ ਫਗਵਾੜਾ ਦੇ ਦਲਜੀਤ ਸਿੰਘ  ਕਿਹਾ ਕਿ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਪ੍ਰੀ -ਪ੍ਰਾਇਮਰੀ,ਬੀਸੀ ਮੁੰਡਿਆਂ ਅਤੇ ਜਨਰਲ ਕੈਟਾਗਰੀ ਦੇ ਬੱਚਿਆਂ ਨੂੰ ਵਰਦੀਆਂ ਦੇਣ ਦੇ ਪੈਸੇ ਹੁਣ ਤੱਕ ਸਰਕਾਰ ਨੇ ਖਜ਼ਾਨਾ ਦਫਤਰ ਰਾਹੀਂ ਰੋਕੇ ਹੋਏ ਹਨ। ਖਜ਼ਾਨਾ ਦਫਤਰਾਂ ਰਾਹੀ ਵਰਦੀਆਂ ਦੇ ਕੋਈ ਵੀ ਬਿੱਲ ਹੁਣ ਤੱਕ ਪਾਸ ਨਹੀਂ ਹੋਏ। ਜਿਹੜੀਆਂ ਵੀ ਦੁਕਾਨਾਂ ਤੋਂ ਅਧਿਆਪਕਾਂ  ਨੇ ਵਰਦੀਆਂ ਦੇ ਬਿੱਲ ਅਤੇ ਕੁਟੇਸ਼ਨਾਂ ਰਾਹੀਂ ਵਿਦਿਆਰਥੀਆਂ ਲਈ ਖਰੀਦੀਆਂ ਹਨ, ਉਹ ਦੁਕਾਨਦਾਰ ਬਿਨ੍ਹਾਂ ਪੈਮੇਂਟ ਤੋਂ ਬੱਚਿਆਂ ਨੂੰ ਵਰਦੀਆਂ ਨਹੀਂ ਦੇ ਰਹੇ। ਉਹਨਾਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਸਾਡੇ ਖਾਤਿਆਂ ਵਿੱਚ ਪੇਮੈਂਟ ਜਾਰੀ ਨਹੀਂ ਕਰਦੀ ਉਦੋਂ ਤੱਕ ਉਹ ਬੱਚਿਆਂ ਨੂੰ ਵਰਦੀਆਂ ਨਹੀਂ ਦੇ ਸਕਦੇ। ਸਿੱਖਿਆ ਕ੍ਰਾਂਤੀ ਰਾਹੀਂ ਵੱਡੇ ਬਦਲਾਅ ਦਾ ਦਾਅਵਾ ਕਰਨ ਵਾਲ਼ੀ ਮੌਜੂਦਾ ਸਰਕਾਰ ਲਈ ਇਹ ਸੋਚਣ ਵਾਲ਼ੀ ਗੱਲ ਹੈ। ਆਗੂਆਂ ਨੇ ਕਿਹਾ ਕਿ ਪੌਣੇ ਚਾਰ ਸਾਲ ਵੀ ਬੀਤਣ ਮਗਰੋਂ ਵੀ ਸਿੱਖਿਆ ਮੰਤਰੀ ਹਰ ਤਰਾਂ ਦੀਆਂ ਪ੍ਰੀਖਿਆਵਾਂ ਅਤੇ ਹਰ ਫਰੰਟ ਤੇ ਫੇਲ ਸਾਬਿਤ ਹੋਏ ਹਨ। ਫ਼ਿਰ ਚਾਹੇ ਗੱਲ ਪਾਰਦਰਸ਼ੀ ਢੰਗ ਨਾਲ ਬਦਲੀਆਂ ਕਰਨ, ਹਰ ਤਰਾਂ ਦੀਆਂ ਪ੍ਰਮੋਸ਼ਨਾਂ ਦੀ ਜਾਂ ਪੰਜਾਬ ਸਰਕਾਰ ਦੀ ਆਪਣੀ ਸਿੱਖਿਆ ਨੀਤੀ ਨੂੰ ਬਣਾਉਣ ਦੀ ਹੋਵੇ, ਇਹਨਾਂ ਕਾਰਜਾਂ ਦੀ ਸਫ਼ਲਤਾ ਦੇ ਝੂਠੇ ਦਾਅਵੇ ਅਤੇ ਇਹਨਾਂ ਤੇ ਝੂਠੇ ਇਸ਼ਤਿਆਰ ਬਾਜ਼ੀਆਂ ਕਰਨ ਵਾਲੇ ਸਿੱਖਿਆ ਮੰਤਰੀ ਹੁਣ ਤੱਕ ਫੇਲ੍ਹ ਸਾਬਿਤ ਹੋਏ ਹਨ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਮੌਜੂਦਾ ਕੜਾਕੇ ਦੀ ਠੰਡ ਨੂੰ ਦੇਖਦੇ ਹੋਏ ਸਰਕਾਰ ਨੂੰ ਇਹਨਾਂ ਵਿੱਦਿਆਰਥੀਆਂ ਲਈ ਜਲਦ ਵਰਦੀਆਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ।

Leave a Reply

Your email address will not be published. Required fields are marked *