ਲਗਾਤਾਰ ਵੱਧ ਰਹੀ ਮਹਿੰਗਾਈ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

29 ਸਤੰਬਰ ਨੂੰ ਸ਼ਹਿਰਾਂ ਕਸਬਿਆਂ ਵਿੱਚ ਵੱਧ ਰਹੀ ਮਹਿੰਗਾਈ ਲਈ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਦਾ ਦਿੱਤਾ ਸੱਦਾ

ਜਲੰਧਰ: 25 ਅਗਸਤ (ਪਰਮਿੰਦਰ ਸਿੰਘ )- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਤੇ ਸੀ.ਪੀ.ਆਈ. (ਐਮ.ਐਲ. ) ਲਿਬ੍ਰੇਸ਼ਨ ਦੇ ਆਗੂਆਂ ਤੇ ਵਰਕਰਾਂ ਨੇ ਇੱਥੋਂ ਦੇ ਬੀਐਮਸੀ ਚੌਂਕ ਵਿਖੇ ਮਹਿੰਗਾਈ ਵਿਰੋਧੀ ਤਖਤੀਆਂ ਲੈ ਕੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ਹਾਲੀਆ ਸਮੇਂ ‘ਚ ਖਾਣ-ਪੀਣ ਦੀਆਂ ਵਸਤਾਂ, ਖਾਸ ਕਰਕੇ ਖੰਡ ਤੇ ਗੁੜ ਦੀਆਂ ਕੀਮਤਾਂ ਦੇ ਬੇਤਹਾਸ਼ਾ ਵਾਧੇ ਵਿਰੁੱਧ ਕੀਤੇ ਗਏ ਇਸ ਮੁਜ਼ਾਹਰੇ ਦੀ ਅਗਵਾਈ ਕਾਮਰੇਡ ਮੰਗਤ ਰਾਮ ਪਾਸਲਾ, ਸੁਖਦਰਸ਼ਨ ਨੱਤ, ਪਰਗਟ ਸਿੰਘ ਜਾਮਾਰਾਏ ਤੇ ਗੁਰਜੰਟ ਸਿੰਘ ਮਾਨਸਾ ਨੇ ਕੀਤੀ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਕੱਤਰ ਸਾਥੀ ਗੁਰਮੀਤ ਸਿੰਘ ਤੇ ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਵੀ ਮੁਜ਼ਾਹਰੇ ‘ਚ ਸ਼ਾਮਲ ਹੋਏ। ਮੁਜ਼ਾਹਰਾਕਾਰੀਆਂ ਨੇ ਮਹਿੰਗਾਈ ਨੂੰ ਕਾਬੂ ਕਰਨ ਲਈ ਮਿੱਲ ਮਾਲਕਾਂ ਤੇ ਕਾਲਾ-ਬਾਜ਼ਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਤੋਂ ਜਾਣ-ਬੁੱਝ ਕੇ ਘੇਸਲ ਮਾਰੀ ਬੈਠੀ ਮੋਦੀ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜੀ ਕੀਤੀ। ਇਸ ਮੌਕੇ ਆਗੂਆਂ ਨੇ ਆਉਣ ਵਾਲੀ 29 ਸਤੰਬਰ ਨੂੰ ਵੱਡੇ ਪਿੰਡਾਂ ਤੇ ਸ਼ਹਿਰਾਂ-ਕਸਬਿਆਂ ‘ਚ ਮਹਿੰਗਾਈ ਲਈ ਜਿੰਮੇਵਾਰ ਕੇਂਦਰੀ ਸਰਕਾਰ ਵਿਰੁੱਧ ਆਮ ਲੋਕਾਂ ਦੀ ਵਿਸ਼ਾਲ ਭਾਗੀਦਾਰੀ ਨਾਲ ਭਰਵੇਂ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਹੋਈ ਦੋਹਾਂ ਪਾਰਟੀਆਂ ਦੀ ਸਾਂਝੀ ਮੀਟਿੰਗ ਵਲੋਂ ਹੇਠ ਲਿਖਿਆ ਮਤਾ ਪ੍ਰਵਾਨ ਕੀਤਾ ਗਿਆ।ਮਹਿੰਗਾਈ ਵਿਰੁੱਧ ਮਤਾ “ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਅਤੇ ਸੀ.ਪੀ.ਆਈ. (ਐਮ.ਐਲ. ) ਲਿਬ੍ਰੇਸ਼ਨ ਦੀ ਜਲੰਧਰ ਵਿਖੇ ਹੋਈ ਸਾਂਝੀ ਸੂਬਾਈ ਮੀਟਿੰਗ ਬੇਤਹਾਸ਼ਾ ਵਧ ਰਹੀ ਮਹਿੰਗਾਈ, ਖਾਸ ਕਰਕੇ ਖੰਡ-ਗੁੜ ਦੇ ਅਣਕਿਆਸੇ, ਭਾਰੀ ਕੀਮਤ ਵਾਧੇ ‘ਤੇ ਡੂੰਘੇ ਦੁੱਖ ਤੇ ਸਖ਼ਤ ਰੋਸ ਦਾ ਇਜ਼ਹਾਰ ਕਰਦੀ ਹੈ। ਮੀਟਿੰਗ ਦੀ ਇਹ ਪ੍ਰਪੱਕ ਰਾਇ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਮਹਿੰਗਾਈ ‘ਤੇ ਕਾਬੂ ਪਾਉਣ ਦੀ ਬਿਲਕੁਲ ਵੀ ਇੱਛਾ ਨਹੀਂ ਹੈ। ਸਰਕਾਰ ਦੀ ਦਿਲਚਸਪੀ ਤਾਂ ਸਗੋਂ ਕਾਲੇ ਕਾਰਬਾਰੀਆਂ ਤੇ ਖੰਡ ਮਿੱਲ ਮਾਲਕਾਂ ਦੇ ਮੁਨਾਫੇ ਵਧਾਉਣ ਤੇ ਇਨ੍ਹਾਂ ਠੱਗਾਂ ਤੋਂ ਚੋਣਾਂ ਜਿੱਤਣ ਲਈ ਹਜ਼ਾਰਾਂ ਕਰੋੜ ਰੁਪਏ ਦੇ ਚੰਦੇ ਵਸੂਲਣ ‘ਚ ਹੈ। ਮੀਟਿੰਗ, ਪਾਰਟੀ ਕਮੇਟੀਆਂ ਨੂੰ ਸੱਦਾ ਦਿੰਦੀ ਹੈ ਕਿ 29 ਸਤੰਬਰ ਨੂੰ ਪਿੰਡਾਂ-ਸ਼ਹਿਰਾਂ ਦੇ ਗਰੀਬ ਮੁਹੱਲਿਆਂ ‘ਚ ਮਹਿੰਗਾਈ ਵਿਰੁੱਧ ਆਮ ਲੋਕਾਂ ਦੀ ਭਰਵੀਂ ਸ਼ਮੂਲੀਅਤ ਵਾਲੇ ਰੋਸ ਮੁਜ਼ਾਹਰੇ ਕੀਤੇ ਜਾਣ। ਮੀਟਿੰਗ, ਦੇਸ਼ ਅਤੇ ਸੂਬੇ ਦੇ ਮਿਹਨਤਕਸ਼ਾਂ ਨੂੰ ਅਪੀਲ ਕਰਦੀ ਹੈ ਕਿ ਅਸਹਿ ਮਹਿੰਗਾਈ ਤੇ ਮੋਦੀ ਸਰਕਾਰ ਦੇ ਗਰੀਬ ਮਾਰੂ ਨੀਤੀ ਚੌਖਟੇ ਖਿਲਾਫ ਪਿੰਡਾਂ-ਸ਼ਹਿਰਾਂ ‘ਚ ਜ਼ੋਰਦਾਰ ਰੋਸ ਪ੍ਰਗਟਾਵੇ ਕੀਤੇ ਜਾਣ।” ਹੋਰਨਾਂ ਤੋਂ ਇਲਾਵਾ ਗੁਰਨਾਮ ਸਿੰਘ ਦਾਊਦ, ਮਹੀਪਾਲ, ਡਾਕਟਰ ਸਤਨਾਮ ਸਿੰਘ ਅਜਨਾਲਾ, ਜਸਵੀਰ ਕੌਰ, ਰਘਬੀਰ ਸਿੰਘ ਬੈਨੀਪਾਲ, ਸਰਬਜੀਤ ਸਿੰਘ, ਧਰਮਿੰਦਰ ਸਿੰਘ, ਨਰਿੰਦਰ ਕੌਰ ਨੇ ਵਿਚਾਰ ਰੱਖੇ।

Leave a Reply

Your email address will not be published. Required fields are marked *