ਰੈਲੀ ਕਰਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਰਿਹਾਇਸ਼ ਵੱਲ ਕੀਤਾ ਜਾਵੇਗਾ ਰੋਹ ਭਰਪੂਰ ਮਾਰਚ
ਫ਼ਗਵਾੜਾ 29 ਜੁਲਾਈ ( ਪਰਮਿੰਦਰ ਸਿੰਘ ) ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵਲੋਂ ਪੰਜਾਬ ਸਰਕਾਰ ਪ੍ਰਤੀ ਰੋਸ ਅਤੇ ਗੁੱਸੇ ਦਾ ਪ੍ਰਗਟਾਵਾ ਕਰਨ ਲਈ ਅੱਜ 29 ਜੁਲਾਈ ਨੂੰ ਸੰਗਰੂਰ ਵਿਖੇ ਵਿਸ਼ਾਲ ਸੂਬਾਈ ਰੈਲੀ ਕਰਕੇ ਵਿੱਤ ਮੰਤਰੀ ਪੰਜਾਬ ਸ.ਹਰਪਾਲ ਸਿੰਘ ਚੀਮਾ ਦੀ ਰਿਹਾਇਸ਼ ਵੱਲ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਰੋਹ ਭਰਪੂਰ ਮਾਰਚ ਕੀਤਾ ਜਾ ਰਿਹਾ ਹੈ ਕਿਉਂਕਿ ਪਿਛਲੇ ਸਵਾ ਚਾਰ ਸਾਲਾਂ ਵਿੱਚ ਆਮ ਆਦਮੀ ਪਾਰਟੀ ਦੀ ਨਿਕੰਮੀ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਰਤੀ ਵੀ ਗੰਭੀਰਤਾ ਨਹੀਂ ਵਿਖਾਈ।ਵਾਰ ਵਾਰ ਮੀਟਿੰਗ ਦੀ ਮਿਤੀ ਦੇ ਕੇ, ਮੀਟਿੰਗਾਂ ਕਰਨ ਤੋਂ ਵਾਰ ਵਾਰ ਗੁੱਝੀ ਸਾਜ਼ਿਸ਼ ਅਧੀਨ ਪਾਸਾ ਵੱਟਿਆ ਜਾ ਰਿਹਾ ਹੈ ਜਿਸ ਕਰਕੇ ਪੈਨਸ਼ਨਰਾਂ ਦੇ ਮਨਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਬੇਹੱਦ ਗੁੱਸਾ ਭਰਿਆ ਪਿਆ ਹੈ। ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੇ ਪ੍ਰਧਾਨ ਮੋਹਣ ਸਿੰਘ ਭੱਟੀ ਅਤੇ ਜੁਆਇੰਟ ਪੈਨਸ਼ਨਰ ਫਰੰਟ ਫਗਵਾੜਾ ਦੇ ਆਗੂ ਹੰਸ ਰਾਜ ਬੰਗੜ ਦੀ ਅਗਵਾਈ ਵਿੱਚ ਸੂਬਾਈ ਸੰਗਰੂਰ ਰੈਲੀ ਅਤੇ ਮਾਰਚ ਵਿੱਚ ਸ਼ਾਮਲ ਹੋਣ ਲਈ ਪੈਨਸ਼ਨਰਾਂ ਦਾ ਕਾਫ਼ਲਾ ਸੰਗਰੂਰ ਲਈ ਰਵਾਨਾ ਹੋਇਆ। ਅੱਜ ਦੇ ਕਾਫ਼ਲੇ ਵਿੱਚ ਗਿਆਨ ਚੰਦ ਨਈਅਰ,ਕੁਲਦੀਪ ਸਿੰਘ ਕੌੜਾ, ਪ੍ਰਮੋਦ ਕੁਮਾਰ ਜੋਸ਼ੀ, ਸਤਪਾਲ ਸਿੰਘ ਖੱਟਕੜ, ਰਾਮ ਲੁਭਾਇਆ ਰਿਹਾਣਾ ਜੱਟਾਂ,ਸੀਤਲ ਰਾਮ ਬੰਗਾ, ਮਹਿੰਦਰ ਪਾਲ ਮੌਲੀ,ਰਤਨ ਸਿੰਘ, ਮਾ.ਗਿਆਨ ਚੰਦ,ਬਲਬੀਰ ਸਿੰਘ ਕੂਨਰ, ਰਤਨ ਸਿੰਘ ਖਲਵਾੜਾ ਹਰਭਜਨ ਲਾਲ ਕੌਲ, ਮੋਹਣ ਲਾਲ ਰਤਨ,ਹਰੀ ਰਾਮ ਚੋਟ,ਕੇ ਕੇ ਪਾਂਡੇ ਆਦਿ ਜੁਝਾਰੂ ਪੈਨਸ਼ਨਰ ਸਾਥੀ ਸ਼ਾਮਲ ਹੋਏ। ਮੰਗਾਂ ਦਾ ਜ਼ਿਕਰ ਕਰਦੇ ਹੋਏ ਆਗੂਆਂ ਨੇ ਕਿਹਾ ਕਿ 2.59 ਦਾ ਗੁਣਾਂਕ ਲਾਗੂ ਕਰਨ,18 ਪ੍ਰਤੀਸ਼ਤ ਡੀ ਏ ਦੀ ਕਿਸ਼ਤਾਂ ਅਤੇ ਬਣਦੇ ਦੇਣ, ਪੈਂਨਸ਼ਨ ਰੀਵਾਈਜ ਦੇ ਬਕਾਏ ਇੱਕੋ ਵਾਰ ਦੇਣ, ਮੈਡੀਕਲ ਭੱਤਾ 2000/- ਰੁਪਏ ਮਹੀਨਾ ਕਰਨ,ਟੈਂਸ਼ਨ ਲੈੱਸ ਹੈਲਥ ਸਕੀਮ ਸੋਧ ਕੇ ਲਾਗੂ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ ਆਦਿ ਮੰਗ ਪੱਤਰ ਵਿੱਚ ਦਰਜ਼ ਮੰਗਾਂ ਨੂੰ ਮੰਨਵਾਉਣ ਅਤੇ ਲਾਗੂ ਕਰਵਾਉਣ ਲਈ ਅੱਜ ਦੀ ਵਿਸ਼ਾਲ ਸੂਬਾਈ ਰੈਲੀ ਸੰਗਰੂਰ ਵਿਖੇ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਸਮੂਹ ਵਰਗਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਪੰਜਾਬ ਵਲੋਂ 07 ਅਗੱਸਤ ਨੂੰ ਚੰਡੀਗੜ੍ਹ ਵਿਖੇ ਵਿਸ਼ਾਲ ਸੂਬਾਈ ਰੈਲੀ ਅਤੇ ਰੋਸ ਭਰਪੂਰ ਮਾਰਚ ਵੀ ਕੀਤਾ ਜਾ ਰਿਹਾ ਹੈ,ਉਸ ਵਿੱਚ ਵੀ ਪੰਜਾਬ ਭਰ ਤੋਂ ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਰੈਲੀ ਅਤੇ ਕੀਤੇ ਗਏ ਰੋਹ ਮਾਰਚ ਦੇ ਦਬਾਅ ਅਧੀਨ ਸਿਵਲ ਪ੍ਰਸ਼ਾਸਨ ਸੰਗਰੂਰ ਵਲੋਂ 12/08/2026 ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਉਣ ਦਾ ਪੱਤਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਆਗੂਆਂ ਨੂੰ ਸੌਂਪਿਆ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਨਾ ਹੋਈ ਤਾਂ ਪਹਿਲੀ ਅਕਤੂਬਰ ਤੋਂ ਸੰਗਰੂਰ ਵਿਖੇ ਗ੍ਰਿਫਤਾਰੀਆਂ ਦੇਣੀਆਂ ਸ਼ੁਰੂ ਕੀਤੀਆਂ ਜਾਣਗੀਆਂ।
