“ਰਾਹ ਦਿਖਾਉਣ ਵਾਲੇ ਬੋਰਡ ਖੁਦ ਬੇਦਿਸ਼ਾ, ਰੌਸ਼ਨੀ ਦੇਣ ਵਾਲੀਆਂ ਲਾਈਟਾਂ ਖੁਦ ਹਨੇਰੇ ’ਚ“

ਰਾਹੋਂ ਦੀਆਂ ਮੇਨ ਸੜਕਾਂ ’ਤੇ ਹਨੇਰਾ, ਦਰੱਖਤਾਂ ’ਚ ਲੁਕੀਆਂ ਲਾਈਟਾਂ ਤੇ ਮਾਛੀਵਾੜਾ-ਫਿਲੌਰ ਚੌਂਕ ’ਚ ਟੁੱਟਿਆ ਸਾਈਨ ਬੋਰਡ ਬਣਿਆ ਰਾਹਗੀਰਾਂ ਲਈ ਮੁਸੀਬਤ

ਨਵਾਂਸ਼ਹਿਰਰਾਹੋਂ, 09 ਸਤੰਬਰ (ਕੁਲਵਿੰਦਰ ਸਿੰਘ ਰਾਹੋਂ) ਇਤਿਹਾਸਿਕ ਸ਼ਹਿਰ ਰਾਹੋਂ ਦੇ ਫਿਲੌਰ ਰੋਡ ’ਤੇ ਰਾਤ ਸਮੇਂ ਰੌਸ਼ਨੀ ਦੇ ਨਾਕਾਫ਼ੀ ਪ੍ਰਬੰਧ ਅਤੇ ਸੜਕਾਂ ਦੀ ਦਿਸ਼ਾ ਦੱਸਣ ਵਾਲੇ ਸਾਈਨ ਬੋਰਡਾਂ ਦੀ ਮਾੜੀ ਹਾਲਤ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਪਾਸੇ ਫਿਲੌਰ ਰੋਡ ’ਤੇ ਸਟਰੀਟ ਲਾਈਟਾਂ ਦਰੱਖਤਾਂ ਦੀਆਂ ਟਾਹਣੀਆਂ ਵਿੱਚ ਲੁਕੀਆਂ ਹੋਣ ਕਾਰਨ ਸੜਕ ’ਤੇ ਹਨੇਰਾ ਛਾਇਆ ਰਹਿੰਦਾ ਹੈ, ਉੱਥੇ ਦੂਜੇ ਪਾਸੇ ਮਾਛੀਵਾੜਾ-ਫਿਲੌਰ ਚੌਂਕ ਵਿੱਚ ਲੱਗਾ ਸਾਈਨ ਬੋਰਡ ਵੀ ਟੁੱਟਿਆ ਹੋਣ ਕਾਰਨ ਰਾਹਗੀਰਾਂ ਨੂੰ ਸਹੀ ਦਿਸ਼ਾਵਾਂ ਦੱਸਣ ਤੋਂ ਅਸਮਰੱਥ ਨਜ਼ਰ ਆ ਰਿਹਾ ਹੈ।ਸ਼ਹਿਰ ਵਾਸੀਆਂ ਨੇ ਦੱਸਿਆ ਕਿ ਫਿਲੌਰ ਰੋਡ ’ਤੇ ਕਈ ਥਾਵਾਂ ’ਤੇ ਸਟਰੀਟ ਲਾਈਟਾਂ ਦੇ ਖੰਭੇ ਦਰੱਖਤਾਂ ਦੀਆਂ ਟਾਹਣੀਆਂ ਵਿੱਚ ਇਸ ਤਰ੍ਹਾਂ ਲੁਕ ਗਏ ਹਨ ਕਿ ਰੌਸ਼ਨੀ ਸੜਕ ਤੱਕ ਢੁੱਕਵੇਂ ਢੰਗ ਨਾਲ ਨਹੀਂ ਪਹੁੰਚ ਰਹੀ। ਰਾਤ ਸਮੇਂ ਕਈ ਹਿੱਸਿਆਂ ਵਿੱਚ ਹਨੇਰਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਖ਼ਾਸ ਕਰਕੇ ਸੜਕ ’ਤੇ ਬੈਠੇ ਅਵਾਰਾ ਪਸ਼ੂ ਨਜ਼ਰ ਨਹੀਂ ਆਉਂਦੇ, ਜਿਸ ਨਾਲ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ „ਲਾਈਟਾਂ ਦੇ ਖੰਭੇ ਤਾਂ ਸੜਕ ’ਤੇ ਖੜ੍ਹੇ ਹਨ, ਪਰ ਉਨ੍ਹਾਂ ਦੀ ਰੌਸ਼ਨੀ ਦਰੱਖਤਾਂ ਦੇ ਪੱਤਿਆਂ ਵਿੱਚ ਹੀ ਗੁੰਮ ਹੋ ਰਹੀ ਹੈ।“ ਇਸ ਲਈ ਸਬੰਧਿਤ ਵਿਭਾਗ ਨੂੰ ਬਿਨਾਂ ਦੇਰੀ ਕੀਤੇ ਲਾਈਟਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਸਹੀ ਢੰਗ ਨਾਲ ਚਾਲੂ ਕਰਵਾਉਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਲੋਕਾਂ ਨੇ ਦਸਿਆ ਕੇ ਮਾਛੀਵਾੜਾ-ਫਿਲੌਰ ਚੌਂਕ ਦਾ ਟੁੱਟਿਆ ਸਾਈਨ ਬੋਰਡ ਵੀ ‘ਦਿਸ਼ਾਹੀਣ ਬਣਿਆ ਹੋਇਆ ਹੈ ਅਤੇ ਇਹ ਦਿਸ਼ਾ-ਸੂਚਕ ਸਾਈਨ ਬੋਰਡ ਵੀ ਆਪਣੀ ਮਾੜੀ ਹਾਲਤ ਕਾਰਨ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਬੋਰਡ ਟੁੱਟਿਆ ਹੋਣ ਕਾਰਨ ਇਸ ’ਤੇ ਲਿਖੀਆਂ ਦਿਸ਼ਾਵਾਂ ਸਪੱਸ਼ਟ ਢੰਗ ਨਾਲ ਨਜ਼ਰ ਨਹੀਂ ਆਉਂਦੀਆਂ, ਜਦਕਿ ਬੋਰਡ ਦਾ ਇੱਕ ਹਿੱਸਾ ਦਰੱਖਤਾਂ ਦੀਆਂ ਟਾਹਣੀਆਂ ਵਿੱਚ ਲੁਕਿਆ ਹੋਇਆ ਹੈ। ਬਾਹਰੋਂ ਆਉਣ ਵਾਲੇ ਵਾਹਨ ਚਾਲਕਾਂ ਅਤੇ ਰਾਹਗੀਰਾਂ ਲਈ ਦਿਸ਼ਾ-ਸੂਚਕ ਬੋਰਡ ਬਹੁਤ ਮਹੱਤਵਪੂਰਨ ਹੁੰਦੇ ਹਨ। ਜੇਕਰ ਬੋਰਡ ਹੀ ਟੁੱਟਿਆ ਹੋਵੇ ਅਤੇ ਉਸ ਦਾ ਅੱਧਾ ਹਿੱਸਾ ਦਰੱਖਤਾਂ ਵਿੱਚ ਛੁਪਿਆ ਹੋਵੇ ਤਾਂ ਅਣਜਾਣ ਵਿਅਕਤੀ ਨੂੰ ਸਹੀ ਰਸਤਾ ਲੱਭਣ ਵਿੱਚ ਮੁਸ਼ਕਲ ਆਉਣੀ ਸੁਭਾਵਿਕ ਹੈ। ਚੌਂਕ ’ਤੇ ਲੱਗਾ ਬੋਰਡ ਰਾਹ ਦਿਖਾਉਣ ਦੀ ਬਜਾਏ ਖ਼ੁਦ ਹੀ ਰਾਹਗੀਰਾਂ ਤੋਂ ਮਦਦ ਮੰਗਦਾ ਨਜ਼ਰ ਆ ਰਿਹਾ ਹੈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਬੰਧਿਤ ਮਹਿਕਮਿਆਂ ਨੂੰ ਅਪੀਲ ਕੀਤੀ ਕਿ ਫਿਲੌਰ ਰੋਡ ਸਮੇਤ ਸ਼ਹਿਰ ਦੀਆਂ ਸਾਰੀਆਂ ਮੇਨ ਸੜਕਾਂ ਦੀਆਂ ਸਟਰੀਟ ਲਾਈਟਾਂ ਦਾ ਨਿਰੀਖਣ ਕਰਵਾਇਆ ਜਾਵੇ। ਦਰੱਖਤਾਂ ਦੀਆਂ ਜਿਹੜੀਆਂ ਟਾਹਣੀਆਂ ਰੌਸ਼ਨੀ ਵਿੱਚ ਰੁਕਾਵਟ ਬਣ ਰਹੀਆਂ ਹਨ, ਉਨ੍ਹਾਂ ਦੀ ਨਿਯਮਾਂ ਅਨੁਸਾਰ ਲੋੜੀਂਦੀ ਛਾਂਗ-ਛੰਟਾਈ ਕਰਵਾਈ ਜਾਵੇ ਅਤੇ ਖ਼ਰਾਬ ਲਾਈਟਾਂ ਨੂੰ ਤੁਰੰਤ ਠੀਕ ਕੀਤਾ ਜਾਵੇ। ਇਸ ਦੇ ਨਾਲ ਹੀ ਮਾਛੀਵਾੜਾ-ਫਿਲੌਰ ਚੌਂਕ ਦੇ ਟੁੱਟੇ ਦਿਸ਼ਾ-ਸੂਚਕ ਸਾਈਨ ਬੋਰਡ ਨੂੰ ਨਵਾਂ ਲਗਾਇਆ ਜਾਵੇ ਜਾਂ ਮੁਰੰਮਤ ਕਰਕੇ ਸਪੱਸ਼ਟ ਦਿਸ਼ਾਵਾਂ ਵਾਲਾ ਬੋਰਡ ਲਗਾਇਆ ਜਾਵੇ। ਬੋਰਡ ਦੇ ਆਲੇ-ਦੁਆਲੇ ਦਰੱਖਤਾਂ ਦੀਆਂ ਟਾਹਣੀਆਂ ਨੂੰ ਵੀ ਲੋੜ ਅਨੁਸਾਰ ਛਾਂਗਿਆ ਜਾਵੇ, ਤਾਂ ਜੋ ਦੂਰੋਂ ਆਉਣ ਵਾਲੇ ਲੋਕਾਂ ਨੂੰ ਸੜਕਾਂ ਅਤੇ ਸ਼ਹਿਰਾਂ ਦੀਆਂ ਦਿਸ਼ਾਵਾਂ ਸਪੱਸ਼ਟ ਨਜ਼ਰ ਆ ਸਕਣ। ਲੋਕਾਂ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ ’ਤੇ ਲਾਈਟਾਂ ਅਤੇ ਸਹੀ ਦਿਸ਼ਾ-ਸੂਚਕ ਬੋਰਡ ਸਿਰਫ਼ ਸਹੂਲਤ ਨਹੀਂ, ਬਲਕਿ ਰਾਹਗੀਰਾਂ ਦੀ ਸੁਰੱਖਿਆ ਅਤੇ ਸ਼ਹਿਰ ਦੀ ਬੁਨਿਆਦੀ ਲੋੜ ਹਨ। ਕਿਸੇ ਹਾਦਸੇ ਜਾਂ ਕਿਸੇ ਬਾਹਰਲੇ ਵਾਹਨ ਚਾਲਕ ਨੂੰ ਰਸਤਾ ਭੁੱਲਣ ਵਰਗੀ ਸਥਿਤੀ ਪੈਦਾ ਹੋਣ ਤੋਂ ਪਹਿਲਾਂ ਹੀ ਸਬੰਧਿਤ ਵਿਭਾਗ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।

Leave a Reply

Your email address will not be published. Required fields are marked *